ਤਿਲਕ ਲਾ ਕੇ ਸਕੂਲ ਪਹੁੰਚੀ ਵਿਦਿਆਰਥਣ ਨੂੰ ਜਮਾਤ ’ਚ ਦਾਖਲ ਹੋਣੋਂ ਰੋਕਿਆ
Sunday, Dec 15, 2024 - 03:50 PM (IST)

ਰਿਸ਼ੀਕੇਸ਼, (ਅਨਸ)– ਉੱਤਰਾਖੰਡ ਦੇ ਰਿਸ਼ੀਕੇਸ਼ ’ਚ ਮੱਥੇ ’ਤੇ ਤਿਲਕ ਲਾ ਕੇ ਸਕੂਲ ਪਹੁੰਚੀ ਇਕ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਜਮਾਤ ਵਿਚ ਦਾਖਲ ਨਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਸਕੂਲੀ ਸਿੱਖਿਆ ਦੇ ਡਾਇਰੈਕਟਰ ਜਨਰਲ ਝਰਨਾ ਕਾਮਠਾਨ ਨੇ ਉੱਤਰਾਖੰਡ ਦੇ ਟੀਹਰੀ ਗੜਵਾਲ ਜ਼ਿਲੇ ਦੇ ਮੁੱਖ ਸਿੱਖਿਆ ਅਧਿਕਾਰੀ ਨੂੰ ਵੀ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।
8ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਉਸ ਦੀ ਅਧਿਆਪਕਾ ਨੇ ਮੱਥੇ ਤੋਂ ਤਿਲਕ ਹਟਾਉਣ ਲਈ ਕਿਹਾ ਅਤੇ ਦੱਸਿਆ ਕਿ ਸਕੂਲ ਵਿਚ ਇਸ ਦੀ ਇਜਾਜ਼ਤ ਨਹੀਂ। ਕੁੜੀ ਨੇ ਅਧਿਆਪਕਾ ਦੀ ਗੱਲ ਮੰਨ ਲਈ ਅਤੇ ਤਿਲਕ ਹਟਾਉਣ ਤੋਂ ਬਾਅਦ ਜਮਾਤ ਵਿਚ ਹਾਜ਼ਰ ਰਹੀ ਪਰ ਬਾਅਦ ’ਚ ਉਸ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਕੁੜੀ ਦੇ ਮਾਪੇ ਹਿੰਦੂ ਸੰਗਠਨਾਂ ਦੇ ਨਾਲ ਸਕੂਲ ਵਿਚ ਰੋਸ ਪ੍ਰਗਟ ਕਰਨ ਲਈ ਪਹੁੰਚੇ। ਪ੍ਰਿੰਸੀਪਲ ਵੱਲੋਂ ਕੁੜੀ ਦੇ ਮਾਤਾ-ਪਿਤਾ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਸਮੇਤ ਵਿਖਾਵਾਕਾਰੀ ਹਿੰਦੂ ਸੰਗਠਨਾਂ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਮਾਮਲਾ ਹੱਲ ਹੋ ਗਿਆ।