ਵੱਡੀ ਵਾਰਦਾਤ ! ਸਕੂਲ ਜਾਂਦੀ ਅਧਿਆਪਕਾ ਦਾ ਗੋਲ਼ੀਆਂ ਮਾਰ ਕੇ ਕਤਲ
Wednesday, Dec 03, 2025 - 02:36 PM (IST)
ਨੈਸ਼ਨਲ ਡੈਸਕ- ਬਿਹਾਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਰਰੀਆ ਜ਼ਿਲ੍ਹੇ ਵਿੱਚ ਇੱਕ BPSC ਅਧਿਆਪਕਾ ਦਾ ਸਕੂਲ ਜਾਂਦੇ ਸਮੇਂ ਗੋਲ਼ੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਸ਼ਿਵਾਨੀ ਕੁਮਾਰੀ (28) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੀ ਵਸਨੀਕ ਸੀ। ਉਹ ਅਰਰੀਆ ਜ਼ਿਲ੍ਹੇ ਦੇ ਨਰਪਤਗੰਜ ਸਥਿਤ ਖਾਬਦਾ ਕਨਹੈਲੀ ਮਿਡਲ ਸਕੂਲ ਵਿੱਚ ਪੜ੍ਹਾਉਂਦੀ ਸੀ।
ਇਹ ਵਾਰਦਾਤ ਬੁੱਧਵਾਰ ਸਵੇਰੇ ਕਰੀਬ 8:30 ਵਜੇ ਵਾਪਰੀ, ਜਦੋਂ ਉਹ ਸਕੂਟੀ 'ਤੇ ਸਕੂਲ ਜਾ ਰਹੀ ਸੀ ਤਾਂ ਖਵਦਾ ਪੰਚਾਇਤ ਵਿੱਚ ਇੱਕ ਮੰਦਰ ਦੇ ਕੋਲ ਮੋਟਰਸਾਈਕਲ ਸਵਾਰ ਦੋ ਲੜਕਿਆਂ ਨੇ ਨੇੜਿਓਂ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਮਗਰੋਂ ਫਰਾਰ ਹੋ ਗਏ। ਗੋਲੀ ਲੱਗਣ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਈ, ਜਿਸ ਮਗਰੋਂ ਉਸ ਨੂੰ 70 ਕਿਲੋਮੀਟਰ ਦੂਰ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਅਧਿਆਪਕਾ ਦੀ ਕੁਝ ਦਿਨ ਪਹਿਲਾਂ ਹੀ ਸਗਾਈ ਹੋਈ ਸੀ ਅਤੇ ਜਲਦੀ ਹੀ ਉਸ ਦਾ ਵਿਆਹ ਹੋਣ ਵਾਲਾ ਸੀ। ਅਰਰੀਆ ਦੇ ਐੱਸ.ਪੀ. ਅੰਜਨੀ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਫਿਲਹਾਲ ਕਤਲ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
