ਹਰਿਆਣਾ : ਨੂਹ ''ਚ ਪੂਜਾ ਲਈ ਜਾ ਰਹੀਆਂ ਔਰਤਾਂ ''ਤੇ ਪਥਰਾਅ, ਤਿੰਨ ਜ਼ਖ਼ਮੀ
Friday, Nov 17, 2023 - 01:49 PM (IST)
ਨੂਹ (ਭਾਸ਼ਾ)- ਹਰਿਆਣਾ ਦੇ ਨੂਹ 'ਚ ਵੀਰਵਾਰ ਰਾਤ ਇਕ ਮਸਜਿਦ ਤੋਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਥਰਾਅ ਕਰਨ ਕਾਰਨ ਘੱਟੋ-ਘੱਟ 3 ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧ 'ਚ ਉਨ੍ਹਾਂ ਨੂੰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਸ ਅਨੁਸਾਰ ਘਟਨਾ ਰਾਤ ਕਰੀਬ 8.20 ਵਜੇ ਇਕ ਮਸਜਿਦ ਕੋਲ ਹੋਈ, ਜਦੋਂ ਔਰਤਾਂ ਦਾ ਇਕ ਸਮੂਹ 'ਖੂਹ ਪੂਜਨ' ਲਈ ਜਾ ਰਿਹਾ ਸੀ।
ਇਹ ਵੀ ਪੜ੍ਹੋ : ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ
ਪੁਲਸ ਨੇ ਦੱਸਿਆ ਕਿ ਜਦੋਂ ਔਰਤਾਂ ਮਸਜਿਦ ਕੋਲ ਪਹੁੰਚੀਆਂ ਤਾਂ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ ਅਤੇ ਇਸ ਘਟਨਾ 'ਚ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਨੂਹ ਪੁਲਸ ਸੁਪਰਡੈਂਟ ਨਰੇਂਦਰ ਬਿਜਾਰਨੀਆ ਭਾਰੀ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ। ਬਿਜਾਰਨੀਆ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਪਰ ਨੂਹ ਦੇ ਥਾਣਾ ਇੰਚਾਰਜ ਓਮਬੀਰ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਐੱਸ.ਐੱਚ.ਓ. ਨੇ ਕਿਹਾ,''ਸਾਨੂੰ ਔਰਤਾਂ ਦੇ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ ਪਰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।'' ਇਸ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਫੈਲ ਗਿਆ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ 'ਤੇ ਭੀੜ ਵਲੋਂ ਹਮਲਾ ਕੀਤੇ ਜਾਣ ਕਾਰਨ ਇੱਥੇ ਫਿਰਕੂ ਹਿੰਸਾ ਭੜਕ ਗਈ ਸੀ, ਜਿਸ 'ਚ ਹੋਮਗਾਰਡ ਦੇ 2 ਜਵਾਨ ਅਤੇ ਇਕ ਮੌਲਵੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8