ਮਾਮਲੇ ਨੂੰ ਸ਼ਾਂਤ ਕਰਨ ’ਚ ਲੱਗਾ ਆਰ. ਐੱਸ. ਐੱਸ.
Wednesday, Oct 19, 2022 - 03:04 PM (IST)
ਨਵੀਂ ਦਿੱਲੀ– ਕੁਝ ਦਿਨ ਪਹਿਲਾਂ ਆਰ. ਐੱਸ. ਐੱਸ. ਦੇ ਨੰਬਰ 2 ਦੱਤਾਤ੍ਰੇਅ ਹੋਸਬੋਲੇ ਵਲੋਂ ਭਾਰਤੀ ਅਰਥ ਵਿਵਸਥਾ ਦੀ ਇਕ ਗੰਭੀਰ ਤਸਵੀਰ ਪੇਸ਼ ਕਰਨ ਨਾਲ ਹੁੜਦੰਗ ਮਚ ਗਿਆ, ਜਿਸ ਤੋਂ ਬਾਅਦ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਖੂਬ ਤਾਰੀਫ ਕੀਤੀ। ਜਿਥੇ ਹੋਸਬੋਲੇ ਨੇ ਇਹ ਕਿਹਾ ਸੀ ਕਿ ‘ਗਰੀਬੀ ਸਾਡੇ ਸਾਹਮਣੇ ਇਕ ਦਾਨਵ ਵਾਂਗ ਖੜੀ ਹੈ’ ਅਤੇ ਭਾਰਤ ਵਿਚ 20 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ, ਉਥੇ ਹੀ ਮੋਹਨ ਭਾਗਵਤ ਨੇ ਇਹ ਦਾਅਵਾ ਕਰਦੇ ਹੋਏ ਮਾਮਲੇ ਨੂੰ ਸ਼ਾਂਤ ਕੀਤਾ ਕਿ ਅਰਥ ਵਿਵਸਥਾ ਪ੍ਰੀ-ਕੋਵਿਡ ਪੱਧਰ ’ਤੇ ਪਰਤ ਰਹੀ ਹੈ।
ਆਰ. ਐੱਸ. ਐੱਸ.-ਭਾਜਪਾ ਦੇ ਸੰਬੰਧਾਂ ’ਤੇ ਨੇੜਿਓਂ ਨਜ਼ਰ ਰੱਖਣ ਵਾਲਿਆਂ ਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਹੋਸਬੋਲੇ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। ਅਸਲ ਵਿਚ ਆਰ. ਐੱਸ. ਐੱਸ. ਲੜੀ ਵਿਚ ਨੰਬਰ 2 ਦੇ ਰੂਪ ਵਿਚ ਹੋਸਬੋਲੇ ਦੇ ਸ਼ਾਮਿਲ ਹੋਣ ਵਿਚ ਦੇਰੀ ਹੋਈ ਕਿਉਂਕਿ ਭਈਆਜੀ ਜੋਸ਼ੀ ਖਰਾਬ ਸਿਹਤ ਦੇ ਬਾਵਜੂਦ ਇਸ ਅਹੁਦੇ ’ਤੇ ਬਣੇ ਰਹੇ। ਇਸ ਲਈ ਹੋਸਬੋਲੇ ਦੀਆਂ ਇਨ੍ਹਾਂ ਟਿੱਪਣੀਆਂ ਕਿ 23 ਕਰੋੜ ਭਾਰਤੀ ਇਕ ਦਿਨ ਵਿਚ 375/-ਰੁਪਏ ਪ੍ਰਤੀ ਵਿਅਕਤੀ ਕਮਾਉਂਦੇ ਹਨ; ਬੇਰੋਜ਼ਗਾਰੀ 7.6 ਫੀਸਦੀ ਦੇ ਉੱਚ ਪੱਧਰ ’ਤੇ ਹੈ ਅਤੇ 1 ਫੀਸਦੀ ਭਾਰਤੀਆਂ ਕੋਲ ਰਾਸ਼ਟਰੀ ਆਮਦਨ ਦਾ ਪੰਜਵਾਂ ਹਿੱਸਾ ਹੈ, ਜਦਕਿ 50 ਫੀਸਦੀ ਭਾਰਤੀਆਂ ਕੋਲ ਸਿਰਫ 13.5 ਫੀਸਦੀ ਰਾਸ਼ਟਰੀ ਆਮਦਨ ਹੈ, ਨਾਲ ਪਰਿਵਾਰ ਵਿਚ ਹਲਚਲ ਮਚ ਗਈ।
ਸਵਦੇਸ਼ ਜਾਗਰਣ ਮੰਚ ਵਲੋਂ ਆਯੋਜਿਤ ਇਕ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਬੋਲਦੇ ਹੋਏ ਹੋਸਬੋਲੇ ਦੀ ਟਿੱਪਣੀ ਕੋਈ ਖਾਸ ਟਿੱਪਣੀ ਨਹੀਂ ਸੀ। ਹਾਲਾਂਕਿ ਚਾਰ ਦਿਨ ਬਾਅਦ ਭਾਗਵਤ ਨੇ ਨਾਗਪੁਰ ਵਿਚ ਦੁਸਹਿਰਾ ਰੈਲੀ ਵਿਚ ਨੌਕਰੀ ਦੇ ਸੰਕਟ ’ਤੇ ਸਰਕਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਇਕੱਲੇ ਕੇਂਦਰ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ ਅਤੇ ਸਮਾਜ ਨੂੰ ਮੌਕੇ ਪੈਦਾ ਕਰਨ ਅਤੇ ਆਤਮਨਿਰਭਰ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ। ਜਿਵੇਂ ਕਿ ਇਹ ਲੋੜੀਂਦਾ ਨਹੀਂ ਸੀ, ਉਨ੍ਹਾਂ ਸੰਕਟ ਪ੍ਰਭਾਵਿਤ ਸ਼੍ਰੀਲੰਕਾ ਨੂੰ ਭਾਰਤ ਦੀ ਮਦਦ ਅਤੇ ਰੂਸ-ਯੂਕ੍ਰੇਨ ਸੰਘਰਸ਼ ’ਤੇ ਅਪਣਾਏ ਗਏ ਰੁਖ਼ ਦਾ ਹਵਾਲਾ ਦਿੰਦੇ ਹੋਏ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਦੇਸ਼ ਦੀ ਤਾਕਤ ਦਾ ਸੰਕੇਤ ਹੈ ਕਿ ਸੰਸਾਰਿਕ ਪੱਧਰ ’ਤੇ ਇਸ ਦੀ ਆਵਾਜ਼ ਸੁਣੀ ਜਾ ਰਹੀ ਹੈ। ਭਾਗਵਤ ਦੇ ਬਿਆਨ ਨਾਲ ਸਾਫ ਹੈ ਕਿ ਚੋਟੀ ’ਤੇ ਆਰ. ਐੱਸ. ਐੱਸ. ਮੋਦੀ ਦੇ ਪਿੱਛੇ ਮਜ਼ਬੂਤੀ ਨਾਲ ਖੜਾ ਹੈ।