ਭੀੜ ਕਾਰਨ ਟਰੇਨ ਦੇ ਦਰਵਾਜ਼ੇ ’ਤੇ ਖੜ੍ਹੇ ਹੋ ਕੇ ਸਫਰ ਕਰਨਾ ਲਾਪਰਵਾਹੀ ਨਹੀਂ: ਹਾਈ ਕੋਰਟ
Tuesday, Dec 09, 2025 - 10:23 PM (IST)
ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਰੇਲ ਹਾਦਸੇ ਵਿਚ ਮਾਰੇ ਗਏ ਇਕ ਵਿਅਕਤੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਭੀੜ-ਭੜੱਕੇ ਵਾਲੀ ਉਪਨਗਰੀ ਰੇਲਗੱਡੀ ਵਿਚ ਕੰਮ ਦੇ ਸਿਲਸਿਲੇ ਵਿਚ ਯਾਤਰਾ ਕਰਨ ਵਾਲੇ ਵਿਅਕਤੀ ਕੋਲ ਟਰੇਨ ਦੇ ਦਰਵਾਜ਼ੇ ’ਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੁੰਦਾ ਅਤੇ ਇਸ ਨੂੰ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ।
ਜਸਟਿਸ ਜਤਿੰਦਰ ਜੈਨ ਦੀ ਸਿੰਗਲ ਬੈਂਚ ਨੇ ਸੋਮਵਾਰ ਨੂੰ ਰੇਲਵੇ ਪ੍ਰਸ਼ਾਸਨ ਦੀ ਇਹ ਦਲੀਲ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਹਾਦਸਾ ਉਕਤ ਵਿਅਕਤੀ ਦੇ ਲਾਪਰਵਾਹ ਰਵੱਈਏ ਕਾਰਨ ਹੋਈ, ਜੋ ਟਰੇਨ ਦੇ ਫੁੱਟਬੋਰਡ ’ਤੇ ਖੜ੍ਹਾ ਸੀ। ਕੇਂਦਰ ਸਰਕਾਰ ਨੇ ਰੇਲਵੇ ਕਲੇਮਜ਼ ਟ੍ਰਿਬਿਊਨਲ ਦੇ ਦਸੰਬਰ 2009 ਦੇ ਹੁਕਮ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ।
