ਆਫ਼ ਦਿ ਰਿਕਾਰਡ: ਕੌਮੀ ਸਿਆਸਤ ’ਚ ਕਿਸਮਤ ਅਜ਼ਮਾਉਣਗੇ ਸਟਾਲਿਨ
Thursday, Nov 04, 2021 - 10:00 AM (IST)
ਨੈਸ਼ਨਲ ਡੈਸਕ- ਦੱਖਣੀ ਭਾਰਤ ਦੇ 2 ਪ੍ਰਮੁੱਖ ਆਗੂਆਂ ਸਵ. ਕੇ. ਕਾਮਰਾਜ ਅਤੇ ਜੈਲਲਿਤਾ ਵੱਲੋਂ ਦਿੱਲੀ ਦੀ ਸੱਤਾ ਹਥਿਆਉਣ ਵਿਚ ਨਾਕਾਮ ਰਹਿਣ ਪਿੱਛੋਂ ਤਾਮਿਲਨਾਡੂ ਦੇ ਮੌਜੂਦਾ ਮੁੱਖ ਮੰਤਰੀ ਅਤੇ ਡੀ. ਐੱਮ. ਕੇ. ਦੇ ਆਗੂ ਐੱਮ. ਕੇ. ਸਟਾਲਿਨ ਕੌਮੀ ਸਿਆਸਤ ਵਿਚ ਆਪਣੀ ਕਿਸਮਤ ਅਜ਼ਮਾਉਣ ’ਤੇ ਵਿਚਾਰ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਕਾਹਲ ਨਹੀਂ ਹੈ। ਉਹ ਹੌਲੀ-ਹੌਲੀ ਆਪਣੀ ਸਥਿਤ ਨੂੰ ਮਜ਼ਬੂਤ ਕਰ ਰਹੇ ਹਨ। ਉਹ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵੱਲ ਦੇਖ ਰਹੇ ਹਨ।
ਬੇਸ਼ੱਕ 3 ਸਾਲ ਬਾਅਦ ਲੰਗੜੀ ਲੋਕ ਸਭਾ ਹੋਵੇ, ਜਾਂ ਫਿਰ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਹੋਵੇ, ਉਹ ਕੇਂਦਰ ਦੀ ਸਿਆਸਤ ਵਿਚ ਆਉਣਾ ਚਾਹੁੰਦੇ ਹਨ। ਉਹ ਸਿਰਫ ਮੁੱਖ ਮੰਤਰੀਆਂ ਨੂੰ ਅਜੇ ਚਿੱਠੀ ਲਿਖ ਰਹੇ ਹਨ ਅਤੇ ਵੱਖ-ਵੱਖ ਹੁਕਮਾਂ ਅਤੇ ਕਾਨੂੰਨਾਂ ਰਾਹੀਂ ਕੇਂਦਰ ਵੱਲੋਂ ਸੰਘਵਾਦ ਦੇ ਉਲੰਘਣ ਨਾਲ ਸਬੰਧਤ ਮੁੱਦਿਆਂ ਨੂੰ ਉਠਾ ਰਹੇ ਹਨ। ਉਹ ਕਦੇ-ਕਦਾਈ ਇੰਝ ਕਰਦੇ ਹਨ ਅਤੇ ਚੁੱਪ-ਚਾਪ ਕੰਮ ਕਰਦੇ ਹਨ। ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਬਾਅਦ ਗੋਆ, ਆਸਾਮ, ਤ੍ਰਿਪੁਰਾ, ਝਾਰਖੰਡ, ਯੂ. ਪੀ. ਅਤੇ ਹੋਰਨਾਂ ਸੂਬਿਆਂ ਵਿਚ ਆਪਣੀ ਪਾਰਟੀ ਦਾ ਪ੍ਰਸਾਰ ਕਰ ਰਹੀ ਹੈ।
ਸੰਜੋਗ ਨਾਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਸਟਾਲਿਨ ਅਤੇ ਮਮਤਾ ਬੈਨਰਜੀ ਦਰਮਿਆਨ ਇਕ ਤਾਲਮੇਲਕਰਤਾ ਹਨ। ਜੇ ਮਮਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ 50 ਸੀਟਾਂ ਜਿੱਤਣ ’ਤੇ ਨਿਸ਼ਾਨਾ ਲਾਈ ਬੈਠੀ ਹੈ ਤਾਂ ਸਟਾਲਿਨ ਸ਼ਾਂਤ ਖੇਡ ਖੇਡਣ ਵਿਚ ਰੁਝੇ ਹੋਏ ਹਨ। ਉਹ ਤਾਮਿਲਨਾਡੂ ਵਿਚ ਲੋਕ ਸਭਾ ਦੀਆਂ ਸਾਰੀਆਂ 39 ਅਤੇ ਪੁੱਡੂਚੇਰੀ ਦੀ ਇਕ ਸੀਟ ਜਿੱਤਣਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿਚ ਉਹ ਸਿੱਧੀ ਸਿਆਸਤ ਦੀ ਗੱਲ ਕੀਤੇ ਬਿਨਾਂ ਫੈਡਰਲ ਢਾਂਚੇ ਵਰਗੇ ਮੁੱਦਿਆਂ ਨੂੰ ਉਠਾਉਂਦੇ ਹੋਏ ਇਕ ਵੱਖਰੀ ਕਿਸਮ ਦੀ ਪਛਾਣ ਬਣਾ ਰਹੇ ਹਨ। ਉਹ ਗੈਰ-ਭਾਜਪਾ ਮੁੱਖ ਮੰਤਰੀਆਂ ਨੂੰ ਅਹਿਮ ਮੁੱਦਿਆਂ ’ਤੇ ਨਾਮਬੰਦ ਕਰਨ ਅਤੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਵਿਚ ਲੱਗੇ ਹੋਏ ਹਨ।