ਛੋਟੇ ਉਪਗ੍ਰਹਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਇਸਰੋ ਨਿੱਜੀ ਖੇਤਰ ਨੂੰ ਸੌਂਪੇਗਾ ਐੱਸ. ਐੱਸ. ਐੱਲ. ਵੀ.

07/11/2023 12:50:48 PM

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਐਲਾਨ ਕੀਤਾ ਕਿ ਉਹ ਛੋਟੇ ਉਪਗ੍ਰਹਿਆਂ ਦੀ ਵਧਦੀ ਮੰਗ ਨੂੰ ਧਿਆਨ ’ਚ ਰਖਦਿਆਂ ਆਪਣੇ ਛੋਟੇ ਉਪਗ੍ਰਹਿ ਲਾਂਚ ਵਾਹਨ (ਐੱਸ. ਐੱਸ. ਐੱਲ. ਵੀ.) ਨੂੰ ਨਿੱਜੀ ਖੇਤਰ ਨੂੰ ਸੌਂਪ ਦੇਵੇਗਾ।

ਐੱਸ. ਐੱਸ. ਐੱਲ. ਵੀ. 500 ਕਿਲੋਗ੍ਰਾਮ ਤੱਕ ਭਾਰ ਵਾਲੇ ਸੈਟੇਲਾਈਟਾਂ ਨੂੰ ਧਰਤੀ ਦੀ ਹੇਠਲੀ ਜਮਾਤ ’ਚ ਸ਼ਥਾਪਤ ਕਰਨ ਵਾਲਾ ਵਾਹਨ ਹੈ ਅਤੇ ਇਹ ਮੰਗ ਆਧਾਰਿਤ ਸੇਵਾ ਪ੍ਰਦਾਨ ਕਰਦਾ ਹੈ।

ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਐੱਸ. ਆਈ. ਏ. ਇੰਡੀਆ' ਵਲੋਂ ਆਯੋਜਿਤ ‘ਇੰਡੀਆ ਸਪੇਸ ਕਾਂਗਰਸ’ ਦੇ ਉਦਘਾਟਨੀ ਸਮਾਰੋਹ ਵਿੱਚ ਕਿਹਾ ਕਿ ਅਸੀਂ ਆਪਣਾ ਐੱਸ. ਐੱਸ.ਐੱਲ. ਵੀ. ਬਣਾਇਅਾ ਹੈ ਜਿਸ ਨੂੰ ਉਦਯੋਗ ਵਿੱਚ ਤਬਦੀਲ ਕੀਤਾ ਜਾਵੇਗਾ। ਵਧਦੀ ਮੰਗ ਨੂੰ ਪੂਰਾ ਕਰਨ ਲਈ ਇਸ ਦਾ ਵੱਡੀ ਗਿਣਤੀ ਵਿੱਚ ਉਤਪਾਦਨ ਕੀਤਾ ਜਾਵੇਗਾ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਾੜ ਏਜੰਸੀ ਛੋਟੇ ਰਾਕੇਟ ਨੂੰ ਨਿੱਜੀ ਉਦਯੋਗ ਨੂੰ ਤਬਦੀਲ ਕਰਨ ਲਈ ਬੋਲੀ ਪ੍ਰਕਿਰਿਆ ਦੀ ਚੋਣ ਕਰੇਗੀ।

ਇਸਰੋ ਦਾ ਛੇਵਾਂ ਲਾਂਚ ਵਾਹਨ ਹੈ ਐੱਸ. ਐੱਸ. ਐੱਲ. ਵੀ.

ਐੱਸ. ਐੱਸ. ਐੱਲ. ਵੀ. ਇਸਰੋ ਵਲੋਂ ਵਿਕਸਤ ਛੇਵਾਂ ਲਾਂਚ ਵਾਹਨ ਹੈ। ਇਸ ਨੇ ਪਿਛਲੇ ਸਾਲ ਅਗਸਤ ਅਤੇ ਇਸ ਸਾਲ ਫਰਵਰੀ ’ਚ ਵਿਕਾਸ ਉਡਾਨ ਭਰੀ ਸੀ।

ਐੱਸ. ਐੱਸ. ਐੱਲ. ਵੀ.ਦੀ ਪਹਿਲੀ ਉਡਾਣ ਪਿਛਲੇ ਸਾਲ ਅਗਸਤ ਵਿੱਚ ਦੂਜੇ ਪੜਾਅ ਦੇ ਵੱਖ ਹੋਣ ਦੌਰਾਨ ਅਸਫਲ ਹੋ ਗਈ ਸੀ। ਇਸਰੋ ਨੇ ਸਮੱਸਿਆ ਦੇ ਡੂੰਘੇ ਵਿਸ਼ਲੇਸ਼ਣ ਤੋਂ ਬਾਅਦ ਸੁਧਾਰਾਤਮਕ ਕਾਰਵਾਈ ਕੀਤੀ ਅਤੇ ਫਰਵਰੀ ਵਿੱਚ ਐੱਸ. ਐੱਸ. ਐੱਲ. ਵੀ. ਨੂੰ ਸਫਲਤਾਪੂਰਵਕ ਲਾਂਚ ਕੀਤਾ।

ਕਈ ਸੈਟੇਲਾਈਟਾਂ ਨੂੰ ਆਰਬਿਟ ਵਿੱਚ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ ਹੈ

ਐੱਸ. ਐੱਸ. ਐੱਲ. ਵੀ. ਨੇ ਇਸਰੋ ਦੇ ਈ.ਓ.ਐਸ.-07 ਉਪਗ੍ਰਹਿ, ਅਮਰੀਕੀ ਕੰਪਨੀ ਐਂਟਾਰਿਸ ਦੇ ਜੈਨਸ-1 ਅਤੇ ਚੇਨਈ ਸਥਿਤ ਪੁਲਾੜ ਸਟਾਰਟ-ਅਪ ਸਪੇਸ ਕਿਡਜ਼ ਦੇ ਅਜ਼ਾਦੀ ਸੈਟ-2 ਉਪਗ੍ਰਹਿ ਨੂੰ 450 ਕਿਲੋਮੀਟਰ ਦੇ ਗੋਲ ਚੱਕਰ ਵਿੱਚ ਸਥਾਪਿਤ ਕੀਤਾ ਹੈ।


Rakesh

Content Editor

Related News