SSC ਪੇਪਰ ਲੀਕ: ਸਰਕਾਰ ਨੇ ਮੰਨੀ ਸੀ.ਬੀ.ਆਈ. ਜਾਂਚ ਦੀ ਮੰਗ

Monday, Mar 05, 2018 - 01:26 PM (IST)

SSC ਪੇਪਰ ਲੀਕ: ਸਰਕਾਰ ਨੇ ਮੰਨੀ ਸੀ.ਬੀ.ਆਈ. ਜਾਂਚ ਦੀ ਮੰਗ

ਨਵੀਂ ਦਿੱਲੀ— ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਪੇਪਰ ਲੀਕ ਅਤੇ ਪ੍ਰੀਖਿਆ 'ਚ ਧਾਂਦਲੀ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ 'ਚ ਦੇਸ਼ ਭਰ ਤੋਂ ਆਏ ਵਿਦਿਆਰਥੀ ਐੱਸ.ਐੱਸ.ਸੀ. ਪੇਪਰ ਲੀਕ ਹੋਣ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਮਰਥਨ ਦਿੰਦੇ ਹੋਏ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਮਾਮਲੇ ਦੇ ਸਿਆਸੀ ਤੂਲ ਫੜਨ ਤੋਂ ਬਾਅਦ ਆਖਰਕਾਰ ਸਰਕਾਰ ਨੇ ਸੀ.ਬੀ.ਆਈ. ਜਾਂਚ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ,''ਪ੍ਰਦਰਸ਼ਨਕਾਰੀਆਂ ਵਿਦਿਆਰਥੀਆਂ ਦੀ ਮੰਗ ਮੰਨਦੇ ਹੋਏ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਦੇ ਆਦੇਸ਼ ਦੇ ਦਿੱਤਾ ਗਿਆ ਹੈ। ਅਸੀਂ ਉਮੀਦ ਕਰਦੇ ਹਨ ਕਿ ਵਿਦਿਆਰਥੀ ਹੁਣ ਪ੍ਰਦਰਸ਼ਨ ਵਾਪਸ ਲੈ ਲੈਣਗੇ।'' ਸੀ.ਬੀ.ਆਈ. ਜਾਂਚ ਦੇ ਫੈਸਲੇ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਖੁਸ਼ੀ ਜ਼ਾਹਰ ਕੀਤੀ। ਦਿੱਲੀ 'ਚ ਵਿਦਿਆਰਥੀ 27 ਫਰਵਰੀ ਤੋਂ ਲੋਧੀ ਰੋਡ 'ਚ ਸੀ.ਜੀ.ਓ. ਕੰਪਲੈਕਸ 'ਚ ਕਰਮਚਾਰੀ ਚੋਣ ਕਮਿਸ਼ਨ ਦੇ ਬਾਹਰ ਵਿਰੋਧੀ ਕਰ ਰਹੇ ਹਨ। 
ਦੂਜੇ ਪਾਸੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵਿਦਿਆਰਥੀਆਂ ਤੋਂ ਪ੍ਰਦਰਸ਼ਨ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਮੰਗ ਮੰਨ ਲਈ ਹੈ। ਸਾਡੇ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਅਤੇ ਮਨੋਜ ਤਿਵਾੜੀ ਲਗਾਤਾਰ ਵਿਦਿਆਰਥੀਆਂ ਦੇ ਸੰਪਰਕ 'ਚ ਸਨ। ਹੁਣ ਵਿਦਿਆਰਥੀ ਵੀ ਸਮਝਦਾਰ ਹਨ, ਪੜ੍ਹੇ-ਲਿਖੇ ਹਨ। ਲਿਖਤੀ ਸੂਚਨਾ ਆਉਣ ਤੋਂ ਬਾਅਦ ਕੁਝ ਰਸਮੀ ਪ੍ਰਕਿਰਿਆਵਾਂ ਹੁੰਦੀਆਂ ਹਨ, ਜਿਸ 'ਚ ਸਮਾਂ ਲੱਗਦਾ ਹੈ, ਆਸ ਕਰਦੇ ਹਾਂ ਕਿ ਉਹ ਆਪਣਾ ਪ੍ਰਦਰਸ਼ਨ ਹੁਣ ਵਾਪਸ ਲੈਣਗੇ। ਹਾਲਾਂਕਿ ਮਾਮਲੇ ਨੂੰ ਵਧਦਾ ਦੇਖ ਐੱਸ.ਐੱਸ.ਸੀ. ਨੇ ਡੈਮੇਜ ਕੰਟਰੋਲ ਕਰਦੇ ਹੋਏ ਵਿਦਿਆਰਥੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਦੋਸ਼ ਸਹੀ ਸਾਬਤ ਪਾਏ ਗਏ ਤਾਂ ਉੱਚਿਤ ਕਾਰਵਾਈ ਹੋਵੇਗੀ। ਹਾਲਾਂਕਿ ਇਸ ਭਰੋਸੇ ਨਾਲ ਪ੍ਰਦਰਸ਼ਨਕਾਰੀ ਵਿਦਿਆਰਥੀ ਸੰਤੁਸ਼ਟ ਨਹੀਂ ਹੋਏ ਅਤੇ ਸੀ.ਬੀ.ਆਈ. ਜਾਂਚ ਦੀ ਮੰਗ 'ਤੇ ਅੜੇ ਰਹੇ। 

ਉਮੀਦਵਾਰਾਂ ਦਾ ਦੋਸ਼ ਹੈ ਕਿ ਆਨਲਾਈਨ ਹੋਣ ਵਾਲੀ ਇਸ ਪ੍ਰੀਖਿਆ 'ਚ ਨਾ ਵਿਦਿਆਰਥੀ ਅਤੇ ਨਾ ਜਾਂਚ ਕਰਤਾ ਤੱਕ ਨੂੰ ਕਲਮ ਜਾਂ ਮੋਬਾਇਲ ਅੰਦਰ ਲਿਜਾਉਣ ਦੀ ਮਨਜ਼ੂਰੀ ਸੀ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਪ੍ਰੀਖਿਆ ਦੌਰਾਨ ਹੀ ਪ੍ਰਸ਼ਨ ਪੱਤਰ ਦਾ ਸਕਰੀਨ ਸ਼ਾਟ ਵਾਇਰਲ ਹੋ ਗਿਆ। ਰੀਤੇਸ਼ ਕੁਮਾਰ ਗੁਪਤਾ ਨੇ ਕਿਹਾ ਕਿ 21 ਫਰਵਰੀ ਨੂੰ ਗਣਿਤ ਦੀ ਪ੍ਰੀਖਿਆ ਸੀ। 15 ਮਿੰਟਾਂ ਬਾਅਦ ਸੂਚਨਾ ਮਿਲੀ ਕਿ ਪ੍ਰੀਖਿਆ ਰੋਕ ਦਿੱਤੀ ਗਈ। ਚਰਚਾ ਸੀ ਕਿ ਸੋਸ਼ਲ ਮੀਡੀਆ 'ਚ ਪੇਪਰ ਆਊਟ ਹੋ ਚੁਕੇ ਸਨ।


Related News