Spicejet ਨੇ ਖੜ੍ਹੇ ਕੀਤੇ ਤਿੰਨ ਬੋਇੰਗ 737 ਕਾਰਗੋ , ਜਹਾਜ਼ਾਂ ''ਚ ਖਰਾਬੀ ਦਾ ਦਿੱਤਾ ਹਵਾਲਾ

12/14/2019 1:31:06 PM

ਨਵੀਂ ਦਿੱਲੀ — ਸਸਤੀਆਂ ਹਵਾਈ ਸੇਵਾਵਾਂ ਉਪਲੱਬਧ ਕਰਵਾਉਣ ਵਾਲੀ ਘਰੇਲੂ ਏਅਰ ਲਾਈਨ ਕੰਪਨੀ ਸਪਾਈਸਜੈੱਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੰਪਨੀ ਨੇ ਤਿੰਨ ਬੋਇੰਗ 737 ਕਾਰਗੋ ਜਹਾਜ਼ਾਂ ਨੂੰ ਖੜ੍ਹੇ ਕਰ ਦਿੱਤਾ ਹੈ।

ਇਸ ਕਾਰਨ ਕੰਪਨੀ ਨੇ ਚੁੱਕਿਆ ਇਹ ਕਦਮ

ਇਸ ਮਾਮਲੇ 'ਚ ਕੰਪਨੀ ਨੇ ਬੰਬਈ ਸਟਾਕ ਐਕਸਚੇਂਜ (ਬੀਐਸਈ) ਨੂੰ ਦੱਸਿਆ ਕਿ ਉਸਨੇ ਇਸਰਾਈਲੀ ਏਰੋਸਪੇਸ ਇੰਡਸਟਰੀਜ਼ ਦੀ ਸਲਾਹ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਇਜ਼ਰਾਈਲ ਦੀ ਏਰੋਸਪੇਸ ਇੰਡਸਟਰੀਜ਼ ਨੇ ਇਨ੍ਹਾਂ ਜਹਾਜ਼ਾਂ ਨੂੰ ਕਾਰਗੋ ਜਹਾਜ਼ਾਂ ਵਜੋਂ ਇਸਤੇਮਾਲ ਕਰਨ ਲਈ ਕਿਹਾ ਹੈ।

ਪੜਤਾਲ ਦੌਰਾਨ ਸਾਹਮਣੇ ਆਈਆਂ ਖਾਮੀਆਂ

ਸਪਾਈਸ ਜੈੱਟ ਨੇ ਦੱਸਿਆ ਕਿ ਇਜ਼ਰਾਈਲੀ ਏਰੋਸਪੇਸ ਇੰਡਸਟਰੀਜ਼ ਦੁਆਰਾ ਕੀਤੀ ਗਈ ਅੰਦਰੂਨੀ ਪੜਤਾਲ ਤੋਂ ਬਾਅਦ ਇਨ੍ਹਾਂ ਜਹਾਜ਼ਾਂ 'ਚ ਲਗਾਏ ਗਏ 9 ਜੀ ਰਿਗਿਡ ਬੈਰੀਅਰ ਦੇ ਨਿਰਮਾਣ ਦੀ ਪ੍ਰਕਿਰਿਆ ਵਿਚ ਇਕ ਸੰਭਾਵਿਤ ਨੁਕਸ(ਖਾਮੀ) ਦਾ ਪਤਾ ਲੱਗਾ ਹੈ। ਰੈਗੂਲੇਟਰੀ ਮਨਜ਼ੂਰੀਆਂ ਮਿਲਣ ਤੋਂ ਬਾਅਦ ਇਹ ਜਹਾਜ਼ ਸੇਵਾ ਲਈ ਫਿਰ ਤੋਂ ਸ਼ੁਰੂ ਕੀਤੇ ਜਾ ਸਕਣਗੇ।

ਸਪਾਈਸਜੈੱਟ ਦੇ ਸੀਐਮਡੀ ਨੇ ਦਿੱਤਾ ਸੀ ਬਿਆਨ

ਪਿਛਲੇ ਮਹੀਨੇ ਸਪਾਈਸ ਜੈੱਟ ਦੇ ਸੀ.ਐੱਮ.ਡੀ ਅਜੈ ਸਿੰਘ ਨੇ ਕਿਹਾ ਸੀ ਕਿ ਭਾਰਤ ਵਿਚ ਏਅਰ ਲਾਈਨ ਕੰਪਨੀਆਂ ਜ਼ਿਆਦਾ ਮੁਨਾਫਾ ਨਹੀਂ ਕਮਾ ਪਾ ਰਹੀਆਂ ਹਨ। ਏਅਰ ਲਾਈਨ ਕੰਪਨੀਆਂ ਦੇ ਕਰਜ਼ੇ ਅਤੇ ਸੰਚਾਲਨ ਲਾਗਤ ਦੋਵੇਂ ਹੀ ਜ਼ਿਆਦਾ ਹਨ। ਸਿੰਘ ਨੇ ਕਿਹਾ ਸੀ ਕਿ ਇੰਡੀਗੋ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਉਸ ਨੇ ਲਾਗਤ ਤੋਂ ਵੀ ਘੱਟ ਕੀਮਤ 'ਚ ਟਿਕਟ ਵੇਚੀ ਹੈ।

ਅਜੇ ਸਿੰਘ ਨੇ ਇਹ ਵੀ ਕਿਹਾ ਸੀ ਕਿ ਏਅਰ ਲਾਈਨ ਕੋਲ ਕੀਮਤ ਤੈਅ ਕਰਨ ਦੀ ਸਮਰੱਥਾ ਨਹੀਂ ਹੈ। ਹਵਾਈ ਟਿਕਟ ਜਹਾਜ਼ ਵਿਚ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ।

ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਕੰਪਨੀ ਨੂੰ ਹੋਇਆ ਨੁਕਸਾਨ

ਸਪਾਈਸ ਜੈੱਟ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 463 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਬੋਇੰਗ 737 ਮੈਕਸ ਜਹਾਜ਼ ਦਾ ਖੜ੍ਹੇ ਹੋਣ, ਲਾਗਤ 'ਚ ਵਾਧਾ ਅਤੇ ਅਕਾਊਟਿੰਗ ਨਿਯਮਾਂ 'ਚ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਪਿਆ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਕੰਪਨੀ ਨੂੰ 389.4 ਕਰੋੜ ਦਾ ਘਾਟਾ ਹੋਇਆ ਸੀ।

ਸੰਚਾਲਨ ਮਾਲੀਏ 'ਚ ਵੀ ਹੋਇਆ ਵਾਧਾ

ਕੰਪਨੀ ਨੇ ਦੱਸਿਆ ਸੰਚਾਲਨ ਮਾਲੀਆ ਵਧ ਕੇ ਇਸ ਦੌਰਾਨ 2,845.3 ਕਰੋੜ ਪਹੁੰਚ ਗਿਆ, ਜਿਹੜਾ ਕਿ ਇਕ ਸਾਲ ਪਹਿਲਾਂ 1,874.8 ਕਰੋੜ ਸੀ। ਸਤੰਬਰ ਤਿਮਾਹੀ 'ਚ ਘਰੇਲੂ ਹਵਾਬਾਜ਼ੀ ਉਦਯੋਗ 'ਚ ਪਸਰੀ ਮੰਦੀ ਕਾਰਨ ਕੰਪਨੀ ਦੀ ਕਮਾਈ 'ਤੇ ਅਸਰ ਹੋਇਆ ਹੈ। ਅਕਾਊਂਟਿੰਗ ਨਿਯਮਾਂ 'ਚ ਬਦਲਾਅ ਕਾਰਨ ਵੀ ਕੰਪਨੀ ਦੇ ਖਰਚਿਆਂ 'ਚ ਵਾਧਾ ਹੋਇਆ ਹੈ।


Related News