ਲੰਗਰ ''ਚ ਵੜੀ ਤੇਜ਼ ਰਫ਼ਤਾਰ ਬੱਸ, ਦਰੜ ''ਤੇ 20 ਸ਼ਰਧਾਲੂ, ਮਚੀ ਹਫੜਾ-ਦਫੜੀ
Wednesday, Oct 01, 2025 - 11:31 AM (IST)

ਜਬਲਪੁਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਸਿਹੋਰਾ 'ਚ ਮੰਗਲਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਯਾਤਰੀ ਬੱਸ ਨਰਾਤਿਆਂ ਦੇ ਭੰਡਾਰੇ (ਲੰਗਰ) 'ਚ ਸ਼ਾਮਲ ਹੋਏ ਸ਼ਰਧਾਲੂਆਂ ਦੀ ਭੀੜ 'ਤੇ ਚੜ੍ਹ ਗਈ। ਇਹ ਹਾਦਸਾ ਗੌਰੀ ਤਿਰਾਹਾ ਨੇੜੇ ਹੋਇਆ, ਜਿੱਥੇ ਸ਼ਰਧਾਲੂ ਭੰਡਾਰੇ ਲਈ ਇਕੱਠੇ ਹੋਏ ਸਨ। ਇਸ ਘਟਨਾ ਵਿੱਚ ਲਗਭਗ 20 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨਰਾਤਿਆਂ ਦੇ ਤਿਉਹਾਰ ਕਾਰਨ ਸਿਹੋਰਾ ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ, ਬੱਸ ਦਾ ਡਰਾਈਵਰ ਬੱਸ ਲੈ ਕੇ 'ਨੋ-ਐਂਟਰੀ' ਵਾਲੇ ਖੇਤਰ ਵਿੱਚ ਦਾਖ਼ਲ ਹੋ ਗਿਆ। ਜਦੋਂ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਬੱਸ ਦੀ ਰਫ਼ਤਾਰ ਵਧਾ ਦਿੱਤੀ ਅਤੇ ਭਜਾਉਣ ਲੱਗਾ।
ਬੱਸ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਨੂੰ ਗੌਰੀ ਤਿਰਾਹਾ ਨੇੜੇ ਚੱਲ ਰਹੇ ਭੰਡਾਰੇ ਵੱਲ ਮੋੜ ਦਿੱਤਾ, ਜਿਸ ਨਾਲ ਉੱਥੇ ਮੌਜੂਦ ਲਗਭਗ ਇੱਕ ਦਰਜਨ ਸ਼ਰਧਾਲੂਆਂ ਨੂੰ ਟੱਕਰ ਵੱਜੀ। ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਬੱਸ ਦੇ ਹੇਠਾਂ ਫਸ ਗਿਆ ਅਤੇ ਲਗਭਗ 100 ਮੀਟਰ ਤੱਕ ਘਸੀਟਦਾ ਚਲਾ ਗਿਆ। ਇਸ ਘਟਨਾ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਭੰਨ-ਤੋੜ ਕੀਤੀ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਕਲੈਕਟਰ ਰਾਘਵੇਂਦਰ ਸਿੰਘ ਮੌਕੇ 'ਤੇ ਪਹੁੰਚੇ। ਪੁਲਸ ਨੇ ਬੱਸ ਨੂੰ ਜ਼ਬਤ ਕਰਕੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ 7 ਗੰਭੀਰ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਵਜੋਂ ਰੈੱਡ ਕਰਾਸ ਸੁਸਾਇਟੀ ਵੱਲੋਂ 10-10 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।