ਪਾਸਪੋਰਟ ਦੀ ਇਹ ਸਹੂਲਤ ਖਤਮ, ਬੰਗਲਾਦੇਸ਼, ਸ਼੍ਰੀਲੰਕਾ ਤੇ ਹੱਜ ਜਾਣ ਵਾਲੇ ਲੋਕਾਂ ਲਈ ਰਾਹਤ

06/07/2020 3:35:35 PM

 

ਨਵੀਂ ਦਿੱਲੀ (ਵਾਰਤਾ)— ਸਰਕਾਰ ਨੇ ਹੱਜ ਯਾਤਰੀਆਂ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਜਾਣ ਵਾਲੇ ਲੋਕਾਂ ਲਈ ਵੱਖਰੇ ਵਿਸ਼ੇਸ਼ ਪਾਸਪੋਰਟ ਬਣਾਉਣ ਦੀ ਸਹੂਲਤ ਨੂੰ ਹੁਣ ਖਤਮ ਕਰ ਦਿੱਤਾ ਹੈ। ਹਾਲ ਹੀ 'ਚ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਐਕਟ 1967 ਅਧੀਨ ਪਾਸਪੋਰਟ ਨਿਯਮਾਂ, 1980 ਵਿਚ ਸੋਧ ਕੀਤੀ ਗਈ ਹੈ ਅਤੇ ਬੰਗਲਾਦੇਸ਼, ਸ਼੍ਰੀਲੰਕਾ ਤੇ ਸਾਊਦੀ ਅਰਬ ਜਾਣ ਲਈ ਵੱਖਰੇ ਪਾਸਪੋਰਟ ਬਣਾਉਣ ਸਬੰਧੀ ਨਿਯਮਾਂ ਨੂੰ ਖਤਮ ਕਰ ਦਿੱਤਾ ਹੈ। ਨਵੇਂ ਪਾਸਪੋਰਟ ਨਿਯਮਾਂ 'ਚ ਬਿਨੈ-ਪੱਤਰ ਫੀਸ ਲੈਣ ਬਾਰੇ ਅਧਿਕਾਰਤ ਵਿਵਸਥਾ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਲਈ ਵੱਖਰੇ ਪਾਸਪੋਰਟ ਜ਼ਿਆਦਾਤਰ ਹੱਜ 'ਤੇ ਜਾਣ ਵਾਲੇ ਜਾਯਰੀਨ ਬਣਵਾਉਂਦੇ ਸਨ, ਜਿਸ ਦੀ ਵੈਧਤਾ 8 ਮਹੀਨੇ ਦੀ ਸੀ। ਇਸ ਤਰ੍ਹਾਂ ਸ਼੍ਰੀਲੰਕਾ ਲਈ ਬਣਨ ਵਾਲੇ ਪਾਸਪੋਰਟ ਦੀ ਵੈਧਤਾ 4 ਸਾਲ ਅਤੇ ਬੰਗਲਾਦੇਸ਼ ਲਈ ਬਣਨ ਵਾਲੇ ਪਾਸਪੋਰਟ ਦੀ ਵੈਧਤਾ 3 ਸਾਲ ਦੀ ਹੁੰਦੀ ਸੀ। ਤਾਮਿਲਨਾਡੂ ਦੇ ਲੋਕਾਂ ਨੂੰ ਉੱਤਰੀ ਸ਼੍ਰੀਲੰਕਾ ਵਿਚ ਆਪਣੇ ਸਕੇ-ਸਬੰਧੀਆਂ ਨੂੰ ਮਿਲਣ ਅਤੇ ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਤੋਂ ਬੰਗਲਾਦੇਸ਼ ਵਿਚ ਆਪਣੇ ਸਬੰਧੀਆਂ ਨੂੰ ਮਿਲਣ ਲਈ ਆਉਣ-ਜਾਣ ਲਈ ਇਹ ਸਹੂਲਤ ਦਿੱਤੀ ਗਈ ਸੀ। 

ਸੂਤਰਾਂ ਨੇ ਦੱਸਿਆ ਕਿ ਪਾਸਪੋਰਟ ਬਣਾਉਣ ਦੀ ਪ੍ਰਣਾਲੀ ਵਿਚ ਹਾਲ ਹੀ ਦੇ ਸਾਲਾਂ ਵਿਚ ਆਈਆਂ ਤਬਦੀਲੀਆਂ ਤੋਂ ਲੋਕ ਘੱਟ ਤੋਂ ਘੱਟ ਸਮੇਂ ਵਿਚ ਆਸਾਨੀ ਨਾਲ ਸਾਧਾਰਣ ਪਾਸਪੋਰਟ ਪ੍ਰਾਪਤ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਸਰਕਾਰ ਨੇ ਪਾਸਪੋਰਟ ਪ੍ਰਣਾਲੀ ਨੂੰ ਇਕਸਾਰ ਕਰਨ ਲਈ ਉਪਰੋਕਤ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਜਾਂ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਕੋ ਜਿਹੇ ਪੂਰਨ ਪਾਸਪੋਰਟ ਹੋਣ ਨਾਲ ਲੋਕ ਸਿਰਫ ਇਕ ਉਦੇਸ਼ ਲਈ ਸੀਮਤ ਯਾਤਰਾ ਦੀ ਬਜਾਏ ਕਿਤੇ ਵੀ ਆ-ਜਾ ਸਕਣਗੇ। ਭਾਰਤ ਵਿਚ ਇਸ ਸਮੇਂ 37 ਪਾਸਪੋਰਟ ਦਫਤਰ ਹਨ ਅਤੇ ਕਰੀਬ ਸਵਾ ਸੌ ਡਾਕਘਰ ਪਾਸਪੋਰਟ ਸੇਵਾ ਕੇਂਦਰ ਹਨ, ਜਿਨ੍ਹਾਂ ਦੇ ਜ਼ਰੀਏ ਪਾਸਪੋਰਟ ਬਣਵਾਉਣ ਦੇ ਕੰਮ ਵਿਚ ਤੇਜ਼ੀ ਆਈ ਹੈ।


Tanu

Content Editor

Related News