'22 ਜਨਵਰੀ ਕਰੋੜਾਂ ਦੇਸ਼ ਵਾਸੀਆਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ'

Monday, Jan 08, 2024 - 02:41 PM (IST)

ਨਵੀਂ ਦਿੱਲੀ- ਸ਼੍ਰੀ ਰਾਮ ਮੰਦਰ ’ਚ ਰਾਮਲਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਨੂੰ ਲੈ ਕੇ ਹਰ ਪਾਸੇ ਸ਼ਰਧਾ ਭਾਵਨਾ ਦੀ ਗੰਗਾ ਵਹਿ ਰਹੀ ਹੈ। ਇਸ ਦਾ ਬਹੁਤਾ ਸਿਹਰਾ ਸ਼੍ਰੀ ਰਾਮ ਜੀ ਦੇ ਭਗਤਾਂ ਅਤੇ ਉਨ੍ਹਾਂ ਦੀ ਆਸਥਾ ਨੂੰ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਨਾਲ ਜੁੜੀਆਂ ਜਥੇਬੰਦੀਆਂ ਨੇ ਵੀ ਸਖ਼ਤ ਸੰਘਰਸ਼ ਕੀਤਾ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ‘ਪ੍ਰਾਣ ਪ੍ਰਤਿਸ਼ਠਾ’ ਦੀ ਸ਼ਾਨਦਾਰ ਰਸਮ ’ਤੇ ਜਗ ਬਾਣੀ/ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਲੋਕ ਸਭਾ ਦੀਆਂ ਚੋਣਾਂ ਅਤੇ ਹੋਰ ਵਿਸ਼ਿਆਂ ’ਤੇ ਬੇਬਾਕੀ ਨਾਲ ਜਵਾਬ ਦਿੱਤੇ। 

ਪੇਸ਼ ਹਨ ਪ੍ਮੁੱਖ ਅੰਸ਼ :

ਪੀ. ਐੱਮ. ਮੋਦੀ ਦੀ ਅਗਵਾਈ ਹੇਠ 2014 ਅਤੇ 2019 ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲਣਗੀਆਂ
ਭਾਜਪਾ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜੇਗੀ
ਮੁੱਖ ਮੁੱਦਾ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਹੀਂ ਸਗੋਂ ਜੰਮੂ-ਕਸ਼ਮੀਰ ਦੇ ਵਿਕਾਸ ਦਾ ਹੈ
ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ’ਤੇ ਫਿਰ ਕਮਲ ਖਿੜੇਗਾ

-ਰਾਸ਼ਟਰ ਰਾਮਮਈ ਹੈ। ਪੂਰੀ ਦੁਨੀਆ ’ਚ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਸ਼੍ਰੀ ਰਾਮ ਮੰਦਿਰ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਦੀ ਵਿਸ਼ਾਲ ਰਸਮ ਲਈ ‘ਅਕਸ਼ਤ ਅਭਿਆਨ’ ਚਲਾ ਰਹੀ ਹੈ। 22 ਜਨਵਰੀ ਦੀ ਮਿਤੀ ਭਾਰਤ ਲਈ ਇਕ ਨਵਾਂ ਇਤਿਹਾਸ ਰਚਣ ਵਾਲੀ ਹੈ। ਸਮੁੱਚਾ ਬ੍ਰਹਿਮੰਡ ਇਸ ਸ਼ਾਨਦਾਰ ਅਤੇ ਪਵਿੱਤਰ ਮਹਾਨ ਰਸਮ ਦਾ ਗਵਾਹ ਬਣੇਗਾ। ਦੇਸ਼ ਅਤੇ ਇਸ ਦੇ ਨਾਗਰਿਕਾਂ ’ਤੇ ਹੀ ਨਹੀਂ, ਸਾਰੀ ਦੁਨੀਆ ਵਿੱਚ ਇਸ ਦੇ ਪ੍ਰਭਾਵ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਹਰ ਸਾਲ ਭਾਰਤ ਦੇ ਲੋਕ ਦੀਵਾਲੀ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਤੀਕਾਤਮਕ ਘਰ ਵਾਪਸੀ ਦਾ ਜਸ਼ਨ ਮਨਾਉਂਦੇ ਹਨ। ਇਸ ਦੌਰਾਨ ਗਲੀਆਂ ਅਤੇ ਘਰਾਂ ’ਚ ਦੀਵਿਆਂ ਨਾਲ ਰੋਸ਼ਨੀ ਕੀਤੀ ਜਾਂਦੀ ਹੈ। ਇਹ 14 ਸਾਲਾਂ ਦੇ ਬਨਵਾਸ ਤੋਂ ਬਾਅਦ ਅਯੁੱਧਿਆ ’ਚ ਉਨ੍ਹਾਂ ਦੀ ਵਾਪਸੀ ਅਤੇ ਰਾਵਣ ਉੱਤੇ ਉਨ੍ਹਾਂ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਉਸ ਖੁਸ਼ੀ ਵਿੱਚ ਅਸੀਂ ਇਹ ਭੁੱਲ ਜਾਂਦੇ ਸੀ ਕਿ ਰਾਮ ਲਲਾ ਨੂੰ 500 ਸਾਲਾਂ ਤੋਂ ਆਪਣੇ ਹੀ ਦੇਸ਼ ਵਿੱਚ ਆਪਣੇ ਹੀ ਘਰੋਂ ਬੇਦਖਲ ਕਰ ਦਿੱਤਾ ਗਿਆ ਸੀ । ਸੱਤਾ ਵਿੱਚ ਬੈਠੇ ਲੋਕ ਤੁਸ਼ਟੀਕਰਨ ਦੀ ਸਿਆਸਤ ਵਿੱਚ ਇੰਨੇ ਅੰਨ੍ਹੇ ਹੋ ਗਏ ਸਨ ਕਿ ਉਹ ਆਪਣੇ ਆਰਾਧਿਆ ਨੂੰ ਵੀ ਭੁੱਲ ਗਏ ਸਨ।

22 ਜਨਵਰੀ ਦਾ ਦਿਨ ਦੇਸ਼ ਲਈ ਪਿਛਲੇ 500 ਸਾਲਾਂ ਵਿੱਚ ਸਭ ਤੋਂ ਮਹੱਤਵਪੂਰਨ ਪਲਾਂ ਵਿਚੋਂ ਇੱਕ ਹੋਵੇਗਾ। ਇਹ ਕਰੋੜਾਂ ਦੇਸ਼ਵਾਸੀਆਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੋਵੇਗਾ। ਅਸੀਂ ਸਾਰੇ ਆਜ਼ਾਦੀ ਦੇ ਸੁਨਹਿਰੀ ਦੌਰ ਦੌਰਾਨ ਆਪਣੇ ਜੀਵਨ ਕਾਲ ਵਿੱਚ ਸ਼੍ਰੀ ਰਾਮ ਮੰਦਰ ਬਣਦਾ ਵੇਖ ਕੇ ਮਾਣ ਮਹਿਸੂਸ ਕਰ ਰਹੇ ਹਾਂ। ਇਹ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਭਲਾਈ ਲਈ ਇੱਕ ਮਹਾਯੱਗ ਹੈ। ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ, ਉਨ੍ਹਾਂ ਦਾ ਚਰਿੱਤਰ ਅਤੇ ਉਨ੍ਹਾਂ ਦੀ ਸ਼ਾਸਨ ਪ੍ਰਣਾਲੀ ਸਾਰੇ ਸੰਸਾਰ ਲਈ ਆਦਰਸ਼ ਹੈ। ਇਸੇ ਲਈ ਤਾਂ ਰਹੀਮ ਨੂੰ ਵੀ ਰਾਮ ਪਿਆਰੇ ਹਨ, ਅੰਬੇਡਕਰ ਨੂੰ ਵੀ ਅਤੇ ਗਾਂਧੀ ਨੂੰ ਵੀ। ਇਹ ਵੱਖਰੀ ਗੱਲ ਹੈ ਕਿ ਹੰਕਾਰੀ ਗਠਜੋੜ ਦੇ ਆਗੂ ਭਗਵਾਨ ਸ਼੍ਰੀ ਰਾਮ ਨੂੰ ਨਫ਼ਰਤ ਕਰਦੇ ਹਨ। ਅਸਲ ਵਿੱਚ ਉਹ ਦੇਸ਼ ਨੂੰ ਹੀ ਨਫ਼ਰਤ ਕਰਦੇ ਹਨ, ਦੇਸ਼ ਦੇ ਵਿਕਾਸ ਨਾਲ ਨਫ਼ਰਤ ਕਰਦੇ ਹਨ, ਦੇਸ਼ ਦੇ ਸੱਭਿਆਚਾਰ ਨਾਲ ਵੀ ਨਫ਼ਰਤ ਕਰਦੇ ਹਨ।

-ਸ਼੍ਰੀ ਰਾਮ ਮੰਦਰ ਨੂੰ ਲੈ ਕੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਭਗਵਾਨ ਸ਼੍ਰੀ ਰਾਮ ਤਾਂ ਸਭ ਦੇ ਹਨ ਪਰ ਭਾਜਪਾ ਸੱਦਾ ਦੇ ਕੇ ਸਿਆਸਤ ਕਰ ਰਹੀ ਹੈ?

ਕਿਸ ਨੇ ਰੋਕਿਆ ਸੀ ਵਿਰੋਧੀ ਧਿਰ ਨੂੰ ਸ਼੍ਰੀ ਰਾਮ ਮੰਦਰ ਦੀ ਉਸਾਰੀ ਕਰਨ ਤੋਂ? ਅਜ਼ਾਦੀ ਦੇ 70 ਸਾਲਾਂ ਤੱਕ ਕੇਂਦਰ ਤੋਂ ਲੈ ਕੇ ਸੂਬਿਆਂ ਤੱਕ ’ਚ ਵਿਰੋਧੀ ਧਿਰ ਸੱਤਾ ਵਿੱਚ ਸੀ। ਕਿਉਂ ਉਨ੍ਹਾਂ ਭਗਵਾਨ ਸ਼੍ਰੀ ਰਾਮ ਜੀ ਨੂੰ ਕਾਲਪਨਿਕ ਕਿਹਾ? ਉਨ੍ਹਾਂ ਰਾਮ ਮੰਦਰ ਦੇ ਨਿਰਮਾਣ ਨੂੰ ਅਟਕਾਉਣ, ਲਟਕਾਉਣ ਤੇ ਭਟਕਾਉਣ ਦੀ ਕੋਸ਼ਿਸ਼ ਕਿਉਂ ਕੀਤੀ? ਅੱਜ ਵਿਰੋਧੀ ਧਿਰ ਕੀ ਕਰ ਰਹੀ ਹੈ?

ਸ਼੍ਰੀ ਰਾਮ ਮੰਦਰ ’ਤੇ ਕਿਸ ਤਰ੍ਹਾਂ ਦੀ ਸਿਆਸਤ? ਕੀ ਸਟਾਲਿਨ ਦੇ ਪੁੱਤਰ ਨੇ ਸਨਾਤਨ ਨੂੰ ਗਾਲ੍ਹਾਂ ਨਹੀਂ ਕੱਢੀਆਂ? ਕੀ ਕਾਂਗਰਸ ਪ੍ਰਧਾਨ ਦੇ ਪੁੱਤਰ ਨੇ ਸਨਾਤਨ ਨੂੰ ਗਾਲ੍ਹਾਂ ਨਹੀਂ ਕੱਢੀਆਂ? ਕੀ ਸਵਾਮੀ ਪ੍ਰਸਾਦ ਮੌਰਿਆ ਸ਼੍ਰੀ ਰਾਮਚਰਿਤਮਾਨਸ ਅਤੇ ਭਗਵਾਨ ਸ਼੍ਰੀ ਰਾਮ ਬਾਰੇ ਲਗਾਤਾਰ ਬੇਲੋੜੇ ਬਿਆਨ ਨਹੀਂ ਦੇ ਰਹੇ ? ਕੀ ਸਪਾ ਦੇ ਹੋਰ ਆਗੂ ਵੀ ਅਜਿਹੇ ਬਿਆਨ ਨਹੀਂ ਦੇ ਰਹੇ? ਅਖਿਲੇਸ਼ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਤੋਂ ਕਿਸ ਨੇ ਰੋਕਿਆ ਹੈ? ਕੀ ਐੱਨ. ਸੀ. ਪੀ. ਦੇ ਆਗੂ ਸ਼੍ਰੀ ਰਾਮ ਜੀ ਬਾਰੇ ਮੁਆਫ਼ੀ ਨਾ ਦੇਣ ਵਾਲੀਆਂ ਟਿੱਪਣੀਆਂ ਨਹੀਂ ਕਰ ਰਹੇ? ਕੀ ਬਿਹਾਰ ਦੇ ਸਿੱਖਿਆ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸ਼੍ਰੀ ਰਾਮ ਜੀ ਪ੍ਰਤੀ ਅਪਸ਼ਬਦ ਨਹੀਂ ਬੋਲ ਰਹੇ? ਤਾਂ ਤੁਸੀਂ ਹੀ ਦੱਸੋ, ਸਿਆਸਤ ਕੌਣ ਕਰ ਰਿਹਾ ਹੈ?

ਸੱਦਾ ਤਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਰਿਹਾ ਹੈ? ਭਗਵਾਨ ਸ਼੍ਰੀ ਰਾਮ ਸਭ ਦੇ ਹਨ। ਇਹ ਭਾਜਪਾ ਦਾ ਪ੍ਰੋਗਰਾਮ ਨਹੀਂ, ਪੂਰੇ ਦੇਸ਼ ਦਾ ਪ੍ਰੋਗਰਾਮ ਹੈ। ਹਾਂ, ਅਸੀਂ ਸ਼ੁਰੂ ਤੋਂ ਹੀ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੀ ਉਸਾਰੀ ਲਈ ਅੰਦੋਲਨ ਵਿੱਚ ਸ਼ਾਮਲ ਹਾਂ। ਭਗਵਾਨ ਸ਼੍ਰੀ ਰਾਮ ਲਈ ਕਾਰ ਸੇਵਕਾਂ ਦਾ ਖੂਨ ਵਹਾਇਆ ਗਿਆ ਹੈ। ਅਸੀਂ ਤਨ, ਮਨ ਅਤੇ ਧਨ ਨਾਲ ਇਸ ਯੱਗ ਵਿੱਚ ਸ਼ਾਮਲ ਹੁੰਦੇ ਰਹੇ ਹਾਂ।

ਵਿਰੋਧੀ ਧਿਰ ਨੂੰ ਇਸ ਵਿਚ ਸ਼ਾਮਲ ਹੋਣ ਤੋਂ ਕੌਣ ਰੋਕ ਰਿਹਾ ਹੈ? ਉਨ੍ਹਾਂ ਨੂੰ ਇਸ ਇਤਿਹਾਸਕ ਸਮੇਂ ਦਾ ਗਵਾਹ ਬਣਨਾ ਚਾਹੀਦਾ ਹੈ, ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਵਿਰੋਧੀ ਧਿਰ ਤੁਸ਼ਟੀਕਰਨ ਦੀ ਸਿਆਸਤ ਵਿੱਚ ਅੰਨ੍ਹੀ ਹੋ ਚੁੱਕੀ ਹੈ। ਅਸੀਂ ਤੁਸ਼ਟੀਕਰਨ ਦੀ ਸਿਆਸਤ ਨਹੀਂ ਕਰਦੇ ਸਗੋਂ ਸੰਤੁਸ਼ਟੀ ਦੀ ਸਿਆਸਤ ਕਰਦੇ ਹਾਂ।

- ਇਕ ਆਮ ਨਾਗਰਿਕ ਹੋਣ ਦੇ ਨਾਤੇ ਸਾਨੂੰ ਉਸ ਵਿਰੋਧੀ ਧਿਰ ’ਤੇ ਗੁੱਸਾ ਆਉਂਦਾ ਹੈ, ਜਿਸ ਦੀ ਮਾੜੀ ਰਾਜਨੀਤੀ ਕਾਰਨ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਨੂੰ ਟੈਂਟ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਅਤੇ ਆਪਣੇ ਹੀ ਘਰ ਤੋਂ ਬੇਦਖਲ ਹੋਣਾ ਪਿਆ?

ਸ਼੍ਰੀ ਰਾਮ ਮੰਦਰ ’ਤੇ ਸਿਆਸਤ ਉਨ੍ਹਾਂ ਲੋਕਾਂ ਨੇ ਕੀਤੀ, ਜਿਨ੍ਹਾਂ ਨੇ ਅਦਾਲਤ ਵਿਚ ਭਗਵਾਨ ਸ਼੍ਰੀ ਰਾਮ ਦੀ ਹੋਂਦ ਨੂੰ ਨਕਾਰਿਆ। ਉਨ੍ਹਾਂ ਨੇ ਰਾਜਨੀਤੀ ਖੇਡੀ ਅਤੇ ਅਦਾਲਤ ਵਿੱਚ ਸ਼੍ਰੀ ਰਾਮ ਮੰਦਰ ਦੇ ਮੁੱਦੇ ਨੂੰ ਟਾਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਕਾਰ ਸੇਵਕਾਂ ’ਤੇ ਗੋਲੀਆਂ ਚਲਾਈਆਂ। ਸਿਆਸਤ ਉਹ ਕਰ ਰਹੇ ਹਨ, ਜੋ ਭਗਵਾਨ ਸ਼੍ਰੀ ਰਾਮ ਦਾ ਅਪਮਾਨ ਕਰ ਰਹੇ ਹਨ। ਅਸੀਂ ਮਸਲਿਆਂ ਦਾ ਹੱਲ ਲੱਭਦੇ ਹਾਂ, ਮਸਲੇ ਨੂੰ ਲਟਕਾਉਂਦੇ ਨਹੀਂ। ਸਿਆਸਤ ਉਹ ਕਰ ਰਹੇ ਹਨ, ਜੋ ਸ਼੍ਰੀ ਰਾਮਚਰਿਤਮਾਨਸ ਨੂੰ ਪਾੜ ਰਹੇ ਹਨ। ਸਿਆਸਤ ਉਹ ਕਰ ਰਹੇ ਹਨ, ਜੋ ਸਨਾਤਨ ਧਰਮ ਤੇ ਹਿੰਦੂ ਧਰਮ ਨੂੰ ਗਾਲ੍ਹਾਂ ਕੱਢ ਰਹੇ ਹਨ। ਭਗਵਾਨ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਅਤੇ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਪੂਰੇ ਭਾਰਤ ਦਾ ਤਿਉਹਾਰ ਹੈ।

-ਪਾਰਟੀ ਪ੍ਰਧਾਨ ਹੋਣ ਦੇ ਨਾਤੇ ਵੱਡੀ ਜ਼ਿੰਮੇਦਾਰੀ ਹੈ। ਇਸ ਵਾਰ ਸੀਟਾਂ ਦਾ ਟੀਚਾ ਕੀ ਹੈ ਅਤੇ ਕਿੱਥੇ-ਕਿੱਥੇ ਹੋਰ ਕੰਮ ਕਰਨ ਦੀ ਲੋੜ ਹੈ?

ਅਸੀਂ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ’ ਦੀ ਸਿਆਸਤ ਕਰਦੇ ਹਾਂ। ਸਾਡਾ ਮੂਲ ਮੰਤਰ ਹੈ ਅੰਤੋਦਿਆ, ਸੱਭਿਆਚਾਰ ਦਾ ਸਨਮਾਨ ਅਤੇ ਦੇਸ਼ ਪਹਿਲਾਂ। ਭਾਜਪਾ ਨੂੰ 2014 ਦੇ ਮੁਕਾਬਲੇ 2019 ਵਿੱਚ ਹੋਰ ਜ਼ਿਆਦਾ ਸੀਟਾਂ ਮਿਲੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇਸ ਵਾਰ ਵੀ 2014 ਅਤੇ 2019 ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲਣਗੀਆਂ। ਅਸੀਂ ਹਰ ਬੂਥ ’ਤੇ ਸਖ਼ਤ ਮਿਹਨਤ ਕੀਤੀ ਹੈ। ਕਮਜ਼ੋਰ ਲੋਕ ਸਭਾ ਸੀਟਾਂ ’ਤੇ ਜਥੇਬੰਦਕ ਨਜ਼ਰੀਏ ਨਾਲ ਵਿਆਪਕ ਕੰਮ ਕੀਤਾ ਹੈ। ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ, ਇਰਾਦੇ, ਨੀਤੀਆਂ, ਪ੍ਰੋਗਰਾਮ ਅਤੇ ਜਨਤਾ ਦਾ ਸਮਰਥਨ ਹੈ। ਰਿਕਾਰਡ ਬਹੁਮਤ ਨਾਲ ਸਾਡੀ ਸਰਕਾਰ ਬਣੇਗੀ।

-‘ਵਿਕਸਿਤ ਭਾਰਤ’ ਦੇਸ਼ ਦਾ ਸੁਪਨਾ ਹੈ। ਪ੍ਰਧਾਨ ਮੰਤਰੀ ਮੋਦੀ ਦਾ ਸੁਪਨਾ ਹੈ, ਤੁਹਾਡਾ ਸੁਪਨਾ ਹੈ, ਸਭ ਦਾ ਸੁਪਨਾ ਹੈ। ਸਰਕਾਰੀ ਤੇ ਪਾਰਟੀ ਪੱਧਰ ’ਤੇ ਇਸ ਦੀ ਕੀ ਯੋਜਨਾ ਹੈ?

ਦੇਸ਼ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ। 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨੂੰ ਸੰਜੋਣ ਅਤੇ ਉਸ ਦਾ ਲਾਭ ਲੈਣ ਦਾ ਸਮਾਂ ਆ ਗਿਆ ਹੈ। ਪਿਛਲੇ ਸਾਢੇ 9 ਸਾਲਾਂ ਵਿੱਚ ਭਾਰਤ ਨੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਹਰ ਖੇਤਰ ਵਿੱਚ ਵਿਕਾਸ ਦੇ ਮਾਮਲੇ ’ਚ ਵੱਡੀ ਛਾਲ ਮਾਰੀ ਹੈ। 2014 ਵਿੱਚ ਭਾਰਤ ‘ਫ੍ਰੇਜਾਇਲ ਫਾਈਵ’ (ਕਮਜ਼ੋਰ 5 ਦੇਸ਼) ’ਚ ਸੀ, ਹੁਣ ਇਹ ਚੋਟੀ ਦੇ 5 ਦੇਸ਼ਾਂ ਵਿੱਚ ਹੈ। ਭਾਰਤ ਦੀ ਅਰਥ-ਵਿਵਸਥਾ 3.8 ਟ੍ਰਿਲੀਅਨ ਡਾਲਰ ਦੀ ਹੋ ਗਈ ਹੈ। ਜਲਦੀ ਹੀ ਇਹ 5 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ। ਵਿਦੇਸ਼ੀ ਕਰੰਸੀ ਭੰਡਾਰ ਅਤੇ ਨਿਰਯਾਤ ਉੱਚੇ ਪੱਧਰ ’ਤੇ ਹਨ। ਦੇਸ਼ ਨੇ ਆਟੋਮੋਬਾਇਲਜ਼, ਮੋਬਾਈਲ ਨਿਰਮਾਣ, ਫਾਰਮੇਸੀ ਆਦਿ ਵਿੱਚ ਵੱਡੀ ਛਾਲ ਮਾਰੀ ਹੈ। ਡਿਜੀਟਲ ਇੰਡੀਆ, ਉਤਪਾਦ ਲਿੰਕ ਪ੍ਰੋਤਸਾਹਨ, ਆਤਮ-ਨਿਰਭਰ ਭਾਰਤ ਆਦਿ ਵਰਗੀਆਂ ਮੁਹਿੰਮਾਂ ਨੇ ਦੇਸ਼ ਦੇ ਵਿਕਾਸ ਨੂੰ ਨਵਾਂ ਹੁਲਾਰਾ ਦਿੱਤਾ ਹੈ। ਭਾਰਤ ਹੁਣ ਡਿਫੈਂਸ ਵਿੱਚ ਨਿਰਯਾਤ ਕਰ ਰਿਹਾ ਹੈ। ਡਿਫੈਂਸ ਕਾਰੀਡੋਰ, ਆਰਥਿਕ ਗਲਿਆਰਾ, ਇਕਨਾਮਿਕ ਕਾਰੀਡੋਰ ਬਣਾਇਆ ਜਾ ਰਿਹਾ ਹੈ। ਹੁਣ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ‘ਵਿਕਸਤ ਭਾਰਤ ਸੰਕਲਪ ਯਾਤਰਾ’ ਲੈ ਕੇ ਨਿੱਕਲੇ ਹਾਂ। ਇਸ ਤਹਿਤ ਅਸੀਂ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਇਨ੍ਹਾਂ ਸਕੀਮਾਂ ਨਾਲ ਜੋੜ ਰਹੇ ਹਾਂ। ਸਾਡਾ ਮੰਨਣਾ ਹੈ ਕਿ ਵਿਕਾਸ ਹਰ ਘਰ ਅਤੇ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਭਾਜਪਾ ਇਸ ਲਈ ਵਚਨਬੱਧ ਹੈ।

- ਤੁਹਾਡੇ ਲੋਕ ਸਭਾ ਚੋਣਾਂ ਲੜਨ ਦੀ ਚਰਚਾ ਹੈ। ਤੁਹਾਡੀ ਇੱਛਾ ਕੀ ਹੈ? ਲੜੋਗੇ ਤਾਂ ਕਿਹੜੀ ਸੀਟ ਲਈ ਪਹਿਲ ਰਹੇਗੀ?

ਇਹ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੈਨੂੰ ਕਾਮਯਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਤੱਕ ਲੈ ਕੇ ਜਾਣ ਅਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਪਾਰਟੀ ਲਈ ਚੋਣ ਪ੍ਰਚਾਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪਾਰਟੀ ਨੂੰ ਮੁੜ ਤੋਂ ਕਾਮਯਾਬ ਬਣਾਉਣ ਲਈ ਹਰ ਸਮੇਂ ਕੰਮ ਕਰਾਂਗਾ।

-ਸ਼੍ਰੀਕ੍ਰਿਸ਼ਨ ਭਗਵਾਨ ਵਾਂਗ ਸਾਡੇ ਨਾਲ ਪੀ. ਐੱਮ. ਮੋਦੀ ਹਨ

I.N.D.I.A. ਗੱਠਜੋੜ ਨੂੰ ਭਾਜਪਾ ਕਿਵੇਂ ਦੇਖਦੀ ਹੈ। ਤੁਹਾਨੂੰ ਕੀ ਲੱਗਦਾ ਹੈ ਇਹ ਗੱਠਜੋੜ ਚੋਣਾਂ ’ਤੇ ਕਿੰਨਾ ਅਸਰ ਪਾਏਗਾ?
ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਡਾਟੇਡ ਗੱਠਜੋੜ ਨੂੰ I.N.D.I.A. ਕਹਿਣਾ ਬੰਦ ਕਰੋ। ਭਾਰਤ ਨੂੰ ਤੋੜਣ ਦੀ ਮਣਸ਼ਾ ਰੱਖਣ ਵਾਲਿਆਂ ਦਾ ਸਮਰਥਨ ਕਰ ਕੇ ਕੋਈ ਤੁਹਾਨੂੰ I.N.D.I.A. ਕਿਵੇਂ ਕਹਿ ਸਕਦਾ ਹੈ? ਇਹ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦੀ ਏਕਤਾ ਅਤੇ ਦੇਸ਼ ਦੇ ਮਾਣਮੱਤੇ ਇਤਿਹਾਸ ਨੂੰ ਕਲੰਕਿਤ ਕਰਨ ਵਾਲਾ ਗੱਠਜੋੜ ਹੈ, ਅਜਿਹਾ ਕਹਿਣ ’ਚ ਮੈਨੂੰ ਕੋਈ ਸੰਕੋਚ ਨਹੀਂ ਹੈ।
*ਅਜਿਹਾ ਗੱਠਜੋੜ, ਜੋ ਸਨਾਤਨ ’ਤੇ ਸਵਾਲ ਕਰਦਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਪ੍ਰਭੂ ਸ਼੍ਰੀਰਾਮ ਬਾਰੇ ਬਕਵਾਸ ਕਰਦਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਜਵਾਨਾਂ ਦੀ ਬਹਾਦਰੀ ’ਤੇ ਸਵਾਲ ਖੜ੍ਹੇ ਕਰਦਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਕਸ਼ਮੀਰ ’ਚ ਸ਼ਾਂਤੀ ਦੇ ਵਿਰੁੱਧ ਜ਼ਹਿਰ ਉਗਲਦਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਭਾਰਤ ਤੇਰੇ ਟੁਕੜੇ ਹੋਂਗੇ-ਇੰਸ਼ਾ ਅੱਲ੍ਹਾ ਕਹਿਣ ਵਾਲਿਆਂ ਦੇ ਸਮਰਥਨ ’ਚ ਖੜ੍ਹਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਵਿਦੇਸ਼ੀ ਤਾਕਤਾਂ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣ ਦੀ ਮੰਗ ਕਰਦਾ ਹੋਵੇ ਅਤੇ ਉਸ ਦੇ ਸਾਰੇ ਭਾਈਵਾਲ ਦਲ ਚੁੱਪ ਰਹਿੰਦੇ ਹੋਣ।
*ਅਜਿਹਾ ਗੱਠਜੋੜ, ਜੋ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਨੂੰ ਸੰਸਥਾਗਤ ਬਣਾਉਂਦਾ ਹੋਵੇ ਤਾਂ ਫਿਰ ਅਜਿਹੇ ਗੱਠਜੋੜ ਬਾਰੇ ਕੀ ਕਿਹਾ ਜਾ ਸਕਦਾ ਹੈ? ਮਹਾਭਾਰਤ ’ਚ ਕੌਰਵਾਂ ਕੋਲ ਅਕਸ਼ੌਹਿਣੀ ਸੈਨਾ ਸੀ ਪਰ ਪਾਂਡਵਾਂ ਕੋਲ ਸੱਚ ਦੇ ਪ੍ਰਤੀਕ ਸਿਰਫ ਇਕ ਨਾਰਾਇਣ ਸਨ, ਜਿੱਤ ਪਾਂਡਵਾਂ ਦੀ ਹੋਈ। ਇਸੇ ਤਰ੍ਹਾਂ ਅਸੀਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸੱਚ ਦੀ ਰਾਹ ’ਤੇ ਹਾਂ। ਦੇਸ਼ ਦੇ ਵਿਕਾਸ, ਦੇਸ਼ ਦੀ ਸੰਸਕ੍ਰਿਤੀ ਅਤੇ ਦੇਸ਼ ਦੀ ਵਿਰਾਸਤ ਨੂੰ ਸੰਭਾਲਣ, ਸੁਰੱਖਿਅਤ ਰੱਖਣ ਲਈ ਦ੍ਰਿੜ ਸੰਕਲਪ ਹਾਂ। ਇਸ ਲਈ ਭਾਵੇਂ ਹੀ ਸਾਰੀ ਵਿਰੋਧੀ ਧਿਰ ਇਕੱਠੀ ਹੋ ਜਾਵੇ ਪਰ ਸੱਚ ਦੇ ਰੂਪ ’ਚ ਜਨਤਾ ਸਾਡੇ ਨਾਲ ਹੈ, ਜਿੱਤ ਸਾਡੀ ਹੋਵੇਗੀ।

-ਕੁਝ ਸਮਾਂ ਪਹਿਲਾਂ ਕੰਗਨਾ ਤੁਹਾਨੂੰ ਮਿਲੀ ਸੀ। ਬਹੁਤ ਚਰਚਾਵਾਂ ਹੋਈਆਂ। ਕੀ ਭਾਜਪਾ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਨ ਜਾ ਰਹੀ ਹੈ?

ਕੰਗਨਾ ਮੈਨੂੰ ਮਿਲਣ ਆਈ ਸੀ। ਅਸੀਂ ਜਨਤਕ ਜੀਵਨ ’ਚ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ, ਜਿਨ੍ਹਾਂ ਨੇ ਆਪਣੇ ਦਮ ’ਤੇ ਵੱਖ-ਵੱਖ ਖੇਤਰਾਂ ’ਚ ਆਪਣੀ ਪਛਾਣ ਬਣਾਈ ਹੈ। ਕੰਗਨਾ ਨੇ ਆਪਣੇ ਦਮ ’ਤੇ ਕਲਾ ਦੇ ਖੇਤਰ ’ਚ ਨਾਂ ਕਮਾਇਆ ਹੈ। ਉਨ੍ਹਾਂ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ, ਜੋ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। ਜਿੱਥੋਂ ਤੱਕ ਉਨ੍ਹਾਂ ਦੇ ਜਾਂ ਕਿਸੇ ਹੋਰ ਦੇ ਚੋਣ ਲੜਨ ਦਾ ਸਵਾਲ ਹੈ, ਤਾਂ ਇਹ ਪਾਰਟੀ ਦੀ ਚੋਣ ਕਮੇਟੀ, ਪਾਰਲੀਮੈਂਟਰੀ ਪਾਰਟੀ ਬੋਰਡ ਬੈਠ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ’ਚ ਰੱਖ ਕੇ ਕਰਦੀ ਹੈ।

- ਤੁਹਾਡਾ ਜਨਮ ਬਿਹਾਰ ’ਚ ਹੋਇਆ, ਪੜ੍ਹੇ ਵੀ ਉੱਥੇ। ਅਜਿਹੇ ’ਚ ਬਿਹਾਰ ਪ੍ਰਤੀ ਤੁਹਾਡਾ ਖਾਸ ਲਗਾਅ ਹੋਵੇਗਾ? ਦੂਜੇ ਸੂਬਿਆਂ ਦੇ ਨੇਤਾ ਬਿਹਾਰੀ ਜਾਂ ਹਿੰਦੀ ਭਾਸ਼ਾਈ ਲੋਕਾਂ ਦਾ ਲਗਾਤਾਰ ਅਪਮਾਨ ਕਰ ਰਹੇ ਹਨ, ਜਿਵੇਂ ਤਾਮਿਲਨਾਡੂ ’ਚ ਡੀ. ਐੱਮ. ਕੇ. ਨੇਤਾ ਦਯਾਨਿਧੀ ਮਾਰਨ ਵੱਲੋਂ ਕਿਹਾ ਗਿਆ ਕਿ ਬਿਹਾਰੀ ਜਾਂ ਹਿੰਦੀ ਭਾਸ਼ਾਈ ਲੋਕ ਤਾਮਿਲਨਾਡੂ ਆ ਕੇ ਸੜਕਾਂ ਜਾਂ ਟਾਇਲਟ ਸਾਫ਼ ਕਰਦੇ ਹਨ। ਬਿਹਾਰ ’ਚ ਨਵੇਂ ਬਦਲਾਅ ਬਾਰੇ ਤੁਹਾਡੀ ਅਤੇ ਭਾਜਪਾ ਦੀ ਸੋਚ ਕੀ ਹੈ?

ਅਸੀਂ ਪੂਰੇ ਭਾਰਤ ਨੂੰ ਇਕ ਮੰਨਦੇ ਹਾਂ। ਉਹ ਦੇਸ਼ ਨੂੰ ਕਦੇ ਧਰਮ, ਕਦੇ ਭਾਸ਼ਾ, ਕਦੇ ਖੇਤਰ ਦੇ ਨਾਂ ’ਤੇ ਵੰਡਦੇ ਹਨ ਪਰ ਸਾਡੇ ਲਈ ਸਾਰੇ ਸੂਬੇ ਇਕ ਹਨ, ਬਰਾਬਰ ਹਨ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਅਤੇ ਸਾਰੇ ਵਰਗਾਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਦੇ ਰਹਿੰਦੇ ਹਾਂ। ਰਹੀ ਗੱਲ ਬਿਹਾਰ ਦੀ, ਤਾਂ ਯਕੀਨੀ ਤੌਰ ’ਤੇ ਮੇਰਾ ਬਿਹਾਰ ਨਾਲ ਇਕ ਖਾਸ ਲਗਾਅ ਰਿਹਾ ਹੈ। ਮੇਰੇ ਜੀਵਨ ਦੇ ਮਹੱਤਵਪੂਰਨ ਪਲ ਬਿਹਾਰ ’ਚ ਗੁਜ਼ਰੇ ਹਨ। ਸੰਪੂਰਨ ਕ੍ਰਾਂਤੀ ਦੇ ਅੰਦੋਲਨ ਨੂੰ ਮੈਂ ਬਹੁਤ ਨੇੜਿਓਂ ਸਮਝਿਆ ਹੈ। ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੇ ਪੂਰੇ ਦੇਸ਼ ’ਚ ਲੋਕਤੰਤਰ ਦੀ ਸਥਾਪਨਾ ਲਈ ਆਪਣਾ ਸਭ ਕੁਝ ਭੇਟ ਕਰ ਦਿੱਤਾ ਸੀ। ਪਰ ਅੱਜ ਜਿਸ ਤਰ੍ਹਾਂ ਬਿਹਾਰ ਦੀ ਸੱਤਾ ’ਤੇ ਕਾਬਜ਼ ਲੋਕ ਬਿਹਾਰ ਨੂੰ ਬਦਨਾਮ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਸਵਾਰਥ ਦੀ ਰਾਜਨੀਤੀ ’ਤੇ ਗੱਠਜੋੜ ਬਣਾ ਕੇ ਅਸ਼ੋਭਨੀਕ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਅਣਉਚਿਤ ਹੈ। ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਇੰਨੀਆਂ ਘਿਨਾਉਣੀਆਂ ਗੱਲਾਂ ਹੋ ਰਹੀਆਂ ਹਨ ਅਤੇ ਬਿਹਾਰ ਸਰਕਾਰ ’ਚ ਬੈਠੇ ਲੋਕ ਚੁੱਪ ਹਨ। ਇਨ੍ਹਾਂ ਲੋਕਾਂ ਨੇ ਬਿਹਾਰ ਦੇ ਮਾਣ-ਸਨਮਾਨ ਨੂੰ ਗਿਰਵੀ ਰੱਖ ਦਿੱਤਾ ਹੈ। ਆਉਣ ਵਾਲੀਆਂ ਚੋਣਾਂ ਵਿਚ ਜਨਤਾ ਇਨ੍ਹਾਂ ਨੂੰ ਕਰਾਰਾ ਸਬਕ ਸਿਖਾਏਗੀ।

-ਜੰਮੂ-ਕਸ਼ਮੀਰ ਨੂੰ ਲੈ ਕੇ ਚੋਣ ਪ੍ਰਚਾਰ ਦੌਰਾਨ ਕਿਹੜੇ ਖਾਸ ਮੁੱਦੇ ਹੋਣਗੇ, ਜੋ ਪਹਿਲਾਂ ਨਾਲੋਂ ਵੱਖਰੇ ਹੋਣਗੇ, ਜੋ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਹੋਈਆਂ ਨਵੀਆਂ ਤਬਦੀਲੀਆਂ ਨੂੰ ਵੇਖਦੇ ਹੋਏ ਉਠਾਏ ਜਾਣਗੇ?

ਜੰਮੂ-ਕਸ਼ਮੀਰ ਚੋਣ ਦਾ ਮੁੱਦਾ ਨਹੀਂ, ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਮੁੱਦਾ ਸੀ। ਹੁਣ ਮੁੱਦਾ ਜੰਮੂ-ਕਸ਼ਮੀਰ ਦਾ ਨਹੀਂ, ਸਗੋਂ ਜੰਮੂ-ਕਸ਼ਮੀਰ ਦੇ ਵਿਕਾਸ ਦਾ ਹੈ। ਤੁਸੀਂ ਲਾਲ ਚੌਕ ਦੀਆਂ ਤਸਵੀਰਾਂ ਵੇਖੀਆਂ ਹੋਣਗੀਆਂ। ਕਿੰਨੀ ਚਹਿਲ-ਪਹਿਲ ਵਿਖਾਈ ਦੇ ਰਹੀ ਹੈ। ਕਈ ਲੋਕ ਜੋ ਪਹਿਲਾਂ ਵੱਖਵਾਦ ਦੀ ਹਮਾਇਤ ’ਚ ਖੜ੍ਹੇ ਵਿਖਾਈ ਦਿੰਦੇ ਸਨ, ਉਹ ਵੀ ਮੰਨਣ ਲੱਗ ਪਏ ਹਨ ਕਿ ਜੰਮੂ-ਕਸ਼ਮੀਰ ’ਚ ਵਿਕਾਸ ਹੋਇਆ ਹੈ ਅਤੇ ਬਦਲਾਅ ਆਇਆ ਹੈ।

2018 ਤੋਂ 2023 ਦੇ ਮੁਕਾਬਲੇ ਅੱਤਵਾਦੀ ਘਟਨਾਵਾਂ ’ਚ 45.2% ਦੀ ਕਮੀ ਆਈ ਹੈ ਅਤੇ ਘੁਸਪੈਠ ’ਚ 90% ਦੀ ਗਿਰਾਵਟ ਆਈ ਹੈ। ਪੱਥਰਬਾਜ਼ੀ ਵਰਗੀਆਂ ਘਟਨਾਵਾਂ ’ਚ 97% ਦੀ ਕਮੀ ਆਈ ਹੈ। ਸੁਰੱਖਿਆ ਮੁਲਾਜ਼ਮਾਂ ’ਚ ਮਾਰੇ ਜਾਣ ਦੀਆਂ ਘਟਨਾਵਾਂ ’ਚ 65% ਕਮੀ ਆਈ ਹੈ। ਰਾਜਨੀਤਕ ਬੰਦ ਵੀ ਨਹੀਂ ਹੁੰਦੇ। ਉੱਥੇ ਜੀਵਨ ਆਮ ਵਾਂਗ ਹੈ ਅਤੇ ਵਿਕਾਸ ਤੇਜ਼ ਰਫ਼ਤਾਰ ਨਾਲ ਹੋ ਰਿਹਾ ਹੈ।

370 ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦਾ ਨੈੱਟਵਰਕ ਤਬਾਹ ਹੋ ਗਿਆ ਹੈ। ਪੱਥਰਬਾਜ਼ੀ ਅਤੇ ਹਿੰਸਾ ਵਰਗੀਆਂ ਚੀਜ਼ਾਂ ਹੁਣ ਖਤਮ ਹੋ ਗਈਆਂ ਹਨ। ਇਸ ਨਾਲ ਸੂਬੇ ’ਚ ਰਿਕਾਰਡ 1.88 ਕਰੋੜ ਸੈਲਾਨੀ ਆਏ ਅਤੇ ਸੈਰ-ਸਪਾਟਾ ਖੇਤਰ ’ਚ ਵਾਧਾ ਹੋਇਆ ਹੈ। 2018 ’ਚ ਜੰਮੂ-ਕਸ਼ਮੀਰ ’ਚ 199 ਨੌਜਵਾਨ ਅੱਤਵਾਦੀ ਬਣੇ, 2023 ’ਚ ਇਹ ਗਿਣਤੀ ਘਟ ਕੇ 12 ਰਹਿ ਗਈ। ਜੰਮੂ-ਕਸ਼ਮੀਰ ’ਚ ਪਿਛਲੇ 3 ਦਹਾਕਿਆਂ ਦੀ ਉਥਲ-ਪੁਥਲ ਤੋਂ ਬਾਅਦ ਆਮ ਲੋਕ ਆਮ ਵਾਂਗ ਜੀਵਨ ਬਤੀਤ ਕਰ ਰਹੇ ਹਨ। ਆਰਟੀਕਲ 370 ਖਤਮ ਹੋਣ ਤੋਂ ਬਾਅਦ ਸੂਬੇ ’ਚ ਲੋਕ ਸ਼ਾਂਤੀ ਅਤੇ ਵਿਕਾਸ ਮਹਿਸੂਸ ਕਰ ਰਹੇ ਹਨ। ਹੁਣ ਉੱਥੇ ਕੇਂਦਰ ਦੇ ਕਾਨੂੰਨ ਲਾਗੂ ਹੋ ਰਹੇ ਹਨ। ਕਾਰੋਬਾਰੀ ਉੱਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਸੈਰ-ਸਪਾਟਾ ਵੀ ਵਧ ਰਿਹਾ ਹੈ। ਪਹਿਲਾਂ ਉੱਥੇ ਹਾਈ ਕੋਰਟ ਦੇ ਜੱਜ ਸੂਬੇ ਦੇ ਸੰਵਿਧਾਨ ਬਾਰੇ ਸਹੁੰ ਚੁੱਕਦੇ ਸਨ। ਹੁਣ ਉਨ੍ਹਾਂ ’ਤੇ ਦੇਸ਼ ਦਾ ਸੰਵਿਧਾਨ ਲਾਗੂ ਕਰਨ ਦੀ ਜ਼ਿੰਮੇਵਾਰੀ ਹੈ।

ਪੰਜਾਬ ਅਤੇ ਦਿੱਲੀ ਨੇ ਕਾਂਗਰਸ ਨੂੰ ਵੀ ਵੇਖ ਲਿਆ ਹੈ ਅਤੇ ‘ਆਪ’ ਨੂੰ ਵੀ ਸਮਝ ਲਿਆ ਹੈ, ਪੰਜਾਬ ’ਚ ਲੋਕ ਸਭਾ ਸੀਟਾਂ ’ਤੇ ਸਥਿਤੀ ਚੰਗੀ ਨਹੀਂ ਹੈ। ਇਸ ਵਾਰ ਕੀ ਤਿਆਰੀ ਹੈ? ਇਸ ਨਾਲ ਜੁੜਿਆ ਸਵਾਲ ਹੈ, ਦਿੱਲੀ ਵਿਧਾਨ ਸਭਾ ਚੋਣਾਂ ’ਚ ਕਮਲ ਕਿਵੇਂ ਖਿੜੇਗਾ, ਕੀ ਰਣਨੀਤੀ ਹੈ?

ਦਿੱਲੀ ਦੀਆਂ ਸੱਤ ਦੀਆਂ ਸੱਤ ਲੋਕ ਸਭਾ ਸੀਟਾਂ ’ਤੇ ਪਿਛਲੀ ਵਾਰ ਵਾਂਗ ਹੀ ਇਸ ਵਾਰ ਵੀ ਕਮਲ ਖਿੜੇਗਾ। ਪੰਜਾਬ ’ਚ ਅਸੀਂ ਆਪਣੀ ਸਥਿਤੀ ਯਕੀਨੀ ਤੌਰ ’ਤੇ ਸੁਧਾਰਾਂਗੇ। ਇਕ ਗੱਲ ਮੈਂ ਤੁਹਾਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪਿਛਲੀ ਵਾਰ ਵੀ ਕਈ ਸੀਟਾਂ ’ਤੇ ਸਾਨੂੰ ਨੰਬਰ 2 ਅਤੇ 3 ਨੰਬਰ ’ਤੇ ਰਹਿਣ ਵਾਲੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਯੋਗ ’ਚ ਵੀ ਵੱਧ ਵੋਟਾਂ ਮਿਲੀਆਂ ਸਨ। ਇਸ ਲਈ ਵਿਰੋਧੀ ਧਿਰ ਦੇ ਗੱਠਜੋੜ ਦਾ ਸਾਡੀ ਜਿੱਤ ’ਤੇ ਕੋਈ ਅਸਰ ਨਹੀਂ ਪਵੇਗਾ। ਵੈਸੇ ਵੀ ਤੁਸੀਂ ਜਿਸ ਵੱਲ ਇਸ਼ਾਰਾ ਕਰ ਰਹੇ ਹੋ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਕਾਰਨ ਉਨ੍ਹਾਂ ਦੀਆਂ ਵੋਟਾਂ ਵੀ ਇਕ-ਦੂਜੇ ਨੂੰ ਟਰਾਂਸਫਰ ਹੋ ਜਾਣਗੀਆਂ, ਇਹ ਗਲਤਫਹਿਮੀ ਹੈ ਕਿਉਂਕਿ ਦੋਵਾਂ ਦੇ ਵੋਟਰ ਇਕ-ਦੂਜੇ ਨੂੰ ਪਸੰਦ ਨਹੀਂ ਕਰਦੇ।

ਦੂਜੀ ਗੱਲ, ਹੁਣ ਤਾਂ ਹੋਰ ਵੀ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਅਤੇ ਪੰਜਾਬ ਦੀਆਂ ਸੂਬਾ ਸਰਕਾਰਾਂ ਕਿਸ ਤਰ੍ਹਾਂ ਭ੍ਰਿਸ਼ਟਾਚਾਰ ’ਚ ਨੱਕੋ-ਨੱਕ ਡੁੱਬੀਆਂ ਹੋਈਆਂ ਹਨ। ਪੰਜਾਬ ਅਤੇ ਦਿੱਲੀ ਦੀ ਜਨਤਾ ਨੇ ਕਾਂਗਰਸ ਨੂੰ ਵੀ ਵੇਖ ਲਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ ਵੀ ਸਮਝ ਲਿਆ ਹੈ, ਇਸ ਲਈ ਉਨ੍ਹਾਂ ਦੀਆਂ ਵੋਟਾਂ ਇਸ ਵਾਰ ਸਾਨੂੰ ਹੀ ਮਿਲਣਗੀਆਂ। ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਹੈ-ਇਕ ਸੀ ਕਾਂਗਰਸ। ਕਾਂਗਰਸ ਕਹਿੰਦੀ ਹੈ- ਕੌਣ ਹੈ ਆਮ ਆਦਮੀ ਪਾਰਟੀ? ਇਸ ਲਈ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਸਾਡਾ ਨਿਸ਼ਾਨਾ ਇਕ ਹੈ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਜਿੱਤ। ਜਨਤਾ ਦਾ ਸਮਰਥਨ ਸਾਡੇ ਨਾਲ ਹੈ।

ਪੰਜਾਬ ’ਚ ਜੇ ਕਾਂਗਰਸ ਅਤੇ ‘ਆਪ’ ਮਿਲ ਕੇ ਲੋਕ ਸਭਾ ਚੋਣਾਂ ਲੜਦੀਆਂ ਹਨ ਤਾਂ ਕੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ’ਚ ਵੀ ਗੱਠਜੋੜ ਹੋਵੇਗਾ?

ਭਾਜਪਾ ਆਪਣੇ ਦਮ ’ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਲੋਕ ਸਭਾ ਚੋਣਾਂ ਲੜੇਗੀ ਅਤੇ ਸ਼ਾਨਦਾਰ ਜਿੱਤ ਦਰਜ ਕਰੇਗੀ। ਅਕਾਲੀ ਦਲ ਨਾਲ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ। ਵੈਸੇ ਵੀ ਗੱਠਜੋੜ ਤੋਂ ਵੱਖ ਹੋਣ ਦਾ ਫੈਸਲਾ ਅਕਾਲੀ ਦਲ ਦਾ ਸੀ, ਸਾਡਾ ਨਹੀਂ।

- ਪੀ. ਐੱਮ. ਮੋਦੀ ਨੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਨੂੰ ਆਪਣਾ ਆਧਾਰ ਬਣਾ ਕੇ ਸੋਸ਼ਲ ਮੈਕੇਨਿਜ਼ਮ ਦੀ ਨਵੀਂ ਪਰਿਭਾਸ਼ਾ ਘੜੀ ਹੈ। ਇਸ ਨੂੰ ਕਿਵੇਂ ਵੇਖਦੇ ਹੋ, ਚੋਣ ਰਣਨੀਤੀ ਅਤੇ ਸਮਾਜ ਭਲਾਈ ’ਚ ਇਸ ਦਾ ਕੀ ਲਾਭ ਮਿਲੇਗਾ?

ਇਹ ਸੋਸ਼ਲ ਮੈਕੇਨਿਜ਼ਮ ਨਹੀਂ ਹੈ, ਸਗੋਂ ਇਹ ਵਿਕਸਤ ਭਾਰਤ ਦੀ ਨੀਂਹ ਹੈ। ਇਕ ਪਰਿਵਾਰ ਦੀਆਂ ਚਾਰ-ਚਾਰ ਪੀੜ੍ਹੀਆਂ ਸਰਕਾਰ ’ਚ ਰਹੀਆਂ। ਸਾਰਿਆਂ ਨੇ ਇਕੋ ਹੀ ਨਾਅਰਾ ਦਿੱਤਾ, ਗਰੀਬੀ ਹਟਾਓ। ਕੀ ਗਰੀਬੀ ਹਟੀ? ਨਹੀਂ ਪਰ ਪ੍ਰਧਾਨ ਮੰਤਰੀ ਮੋਦੀ ਦੇ ਸਿਰਫ ਸਾਢੇ 9 ਸਾਲਾਂ ਦੇ ਕਾਰਜਕਾਲ ’ਚ ਲਗਭਗ 13 ਫੀਸਦੀ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ।

ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਕਈ ਪ੍ਰੋਗਰਾਮ ਬਣਾਏ

ਇਨ੍ਹਾਂ ਲੋਕਾਂ ਨੇ ਨੌਜਵਾਨਾਂ ਦਾ ਪਿੱਛਾ ਤਾਂ ਕੀਤਾ ਪਰ ਉਨ੍ਹਾਂ ਦੇ ਅੱਗੇ ਵਧਣ ਲਈ ਪ੍ਰੋਗਰਾਮ ਨਹੀਂ ਬਣਾਏ। ਮੋਦੀ ਸਰਕਾਰ ਨੇ ਵੱਖਰੇ ਤੌਰ ’ਤੇ ਹੁਨਰ ਵਿਕਾਸ ਮੰਤਰਾਲਾ ਬਣਾਇਆ। ਮੇਕ ਇਨ ਇੰਡੀਆ, ਸਟਾਰਟ-ਅੱਪ, ਸਟੈਂਡ-ਅੱਪ, ਮੁਦਰਾ ਯੋਜਨਾ ਵਰਗੇ ਇਨੀਸ਼ੀਏਟਿਵ ਲਏ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ। ਆਜ਼ਾਦੀ ਤੋਂ ਲੈ ਕੇ 2014 ਤੱਕ ਦੇਸ਼ ’ਚ ਸਿਰਫ਼ 7-8 ਯੂਨੀਕੋਰਨ ਸਨ, ਅੱਜ 100 ਤੋਂ ਵੱਧ ਹਨ।

ਮੋਦੀ ਸਰਕਾਰ ਦੇ ਸਾਢੇ 9 ਸਾਲਾਂ ’ਚ ਕਿਸਾਨਾਂ ਦੀ ਭਲਾਈ ਲਈ 70 ਸਾਲਾਂ ਤੋਂ ਵੱਧ ਕੰਮ ਹੋਏ

ਕਿਸਾਨਾਂ ਲਈ ਆਜ਼ਾਦੀ ਦੇ 70 ਸਾਲਾਂ ’ਚ ਜਿੰਨੇ ਕੰਮ ਨਹੀਂ ਹੋਏ, ਉਸ ਤੋਂ ਵੱਧ ਨਰਿੰਦਰ ਮੋਦੀ ਸਰਕਾਰ ਦੇ ਸਾਢੇ 9 ਸਾਲਾਂ ’ਚ ਹੋਏ। ਯੂਰੀਆ ਦੀ ਕਾਲਾਬਾਜ਼ਾਰੀ ਬੰਦ ਹੋਈ, ਫਸਲਾਂ ਦੇ ਨੁਕਸਾਨ ਦਾ ਪੈਮਾਨਾ ਬਦਲ ਗਿਆ, ਪ੍ਰਧਾਨ ਮੰਤਰੀ ਫਸਲ ਬੀਮਾ ਦੀ ਸ਼ੁਰੂਆਤ ਹੋਈ, ਈ-ਨਾਮ ਪੋਰਟਲ ਨਾਲ ਕਿਸਾਨਾਂ ਨੂੰ ਜੋੜਿਆ ਗਿਆ, ਕਿਸਾਨ ਰੇਲ ਅਤੇ ਕਿਸਾਨ ਚੈਨਲ ਸ਼ੁਰੂ ਕੀਤਾ ਗਿਆ। ਜੈਵਿਕ ਖੇਤੀ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੋਏ। ਕਿਸਾਨ ਸਨਮਾਨ ਨਿਧੀ ਅਤੇ ਕਿਸਾਨ ਮਾਨਧਨ ਦੀ ਸ਼ੁਰੂਆਤ ਹੋਈ। ਕਾਂਗਰਸ ਨੇ 10 ਸਾਲਾਂ ’ਚ ਸਿਰਫ਼ ਇਕ ਵਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ, ਉਹ ਵੀ ਸਿਰਫ਼ ਕੁਝ ਕਿਸਾਨਾਂ ਦਾ, ਜਦੋਂ ਕਿ ਮੋਦੀ ਸਰਕਾਰ ’ਚ ਹਰ ਸਾਲ ਦੇਸ਼ ਦੇ ਲਗਭਗ 13 ਕਰੋੜ ਕਿਸਾਨਾਂ ਨੂੰ 6-6 ਹਜ਼ਾਰ ਰੁਪਏ ਮਿਲ ਰਹੇ ਹਨ। ਕੁਝ ਭਾਜਪਾ ਸ਼ਾਸਤ ਸੂਬਿਆਂ ’ਚ ਤਾਂ 10 ਤੋਂ 12 ਹਜ਼ਾਰ ਰੁਪਏ ਸਾਲਾਨਾ ਵੀ ਮਿਲ ਰਹੇ ਹਨ।

ਅਜ਼ਾਦੀ ਦੇ ਬਾਅਦ ਤੋਂ ਕੀਤਾ ਨਜ਼ਰਅੰਦਾਜ਼, ਅਸੀਂ ‘ਮਾਤਰ ਸ਼ਕਤੀ’ ਨੂੰ ਮਜ਼ਬੂਤ ਬਣਾਇਆ

ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਸਰਕਾਰਾਂ ਨੇ ਦੇਸ਼ ਦੀ ਅੱਧੀ ਆਬਾਦੀ ਨੂੰ ਨਜ਼ਰਅੰਦਾਜ਼ ਕੀਤਾ। ਅਸੀਂ ਉਨ੍ਹਾਂ ਨੂੰ ਮਜ਼ਬੂਤ ਬਣਾਇਆ। ਅਸੀਂ ਨਾਰੀ ਸ਼ਕਤੀ ਵੰਦਨ ਐਕਟ ਲੈ ਕੇ ਆਏ। ਅਸੀਂ ਉੱਜਵਲਾ ਯੋਜਨਾ, ਉਜਾਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਅਭਿਆਨ ਵਰਗੀਆਂ ਯੋਜਨਾਵਾਂ ਦੀ ਸੌਗਾਤ ਦੇ ਕੇ ‘ਮਾਤਰ ਸ਼ਕਤੀ’ ਨੂੰ ਮਜ਼ਬੂਤ ਬਣਾਇਆ। ਅਸੀਂ ਸਵੈ-ਸਹਾਇਤਾ ਸਮੂਹਾਂ ਨੂੰ ਸ਼ਕਤੀਸ਼ਾਲੀ ਬਣਾਇਆ। ਉਨ੍ਹਾਂ ਨੇ ਦੇਸ਼ ਨੂੰ ਜਾਤਾਂ ’ਚ ਵੰਡਿਆ, ਅਸੀਂ ਦੇਸ਼ ਨੂੰ ਇਕ ਬਣਾਇਆ। ਅਸੀਂ ਪੱਛੜੇ ਵਰਗਾਂ ਨੂੰ ਵਿਕਾਸ ਦੀ ਮੋਹਰੀ ਕਤਾਰ ’ਚ ਲਿਆਉਣ ਲਈ ਲਾਸਟ ਮਾਈਲ ਡਲਿਵਰੀ ਨੂੰ ਯਕੀਨੀ ਬਣਾਇਆ। ਅਸੀਂ ਅਭਿਲਾਸ਼ੀ ਜ਼ਿਲਾ ਪ੍ਰੋਗਰਾਮ ਤਹਿਤ ਬਹੁਤ ਕੰਮ ਕੀਤਾ। ਯਕੀਨੀ ਤੌਰ ’ਤੇ ਸਾਨੂੰ ਆਪਣੇ ਕੰਮ ਦਾ ਲਾਭ ਤਾਂ ਮਿਲੇਗਾ ਹੀ।


Tanu

Content Editor

Related News