ਸਪਾ ਐੱਮ. ਪੀ. ਨੇ ਹਿੰਦੂ ਦੇਵੀ ਦੇਵਤਿਆਂ ਦਾ ਉਡਾਇਆ ਮਜ਼ਾਕ, ਹੰਗਾਮਾ

Thursday, Jul 20, 2017 - 02:00 AM (IST)

ਨਵੀਂ ਦਿੱਲੀ— ਭਗਵਾਨ ਰਾਮ, ਜਾਨਕੀ (ਸੀਤਾ) ਅਤੇ ਹਨੂਮਾਨ ਨੂੰ ਸ਼ਰਾਬ ਨਾਲ ਜੋੜਨ ਦੇ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਦੇ ਬਿਆਨ 'ਤੇ ਬੁੱਧਵਾਰ ਰਾਜ ਸਭਾ ਵਿਚ ਸੱਤਾਧਾਰੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ, ਜਿਸ ਕਾਰਨ ਹਾਊਸ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ। ਅਗਰਵਾਲ ਨੇ ਹਾਊਸ ਵਿਚ ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮੁੱਦੇ 'ਤੇ ਹੋ ਰਹੀ ਚਰਚਾ ਵਿਚ ਹਿੱਸਾ ਲੈਂਦਿਆਂ ਰਾਮ ਜਨਮ ਭੂਮੀ ਦਾ ਜ਼ਿਕਰ ਕੀਤਾ ਅਤੇ ਭਗਵਾਨ ਰਾਮ, ਜਾਨਕੀ ਅਤੇ ਹਨੂਮਾਨ ਨੂੰ ਸ਼ਰਾਬ (ਅਲਕੋਹਲ) ਨਾਲ ਜੋੜਦੇ ਹੋਏ ਇਕ ਕਵਿਤਾ ਪੜ੍ਹੀ। ਇਸ ਦਾ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਜ਼ਬਰਦਸਤ ਵਿਰੋਧ ਕੀਤਾ ਅਤੇ ਡਿਪਟੀ ਚੇਅਰਮੈਨ ਪੀ. ਜੇ. ਕੁਰੀਅਨ ਕੋਲੋਂ ਇਸ ਨੂੰ ਹਾਊਸ ਦੀ ਕਾਰਵਾਈ ਵਿਚੋਂ ਕੱਢਣ ਦੀ ਮੰਗ ਕਰਦਿਆਂ ਅਗਰਵਾਲ ਨੂੰ ਮੁਆਫੀ ਮੰਗਣ ਲਈ ਕਿਹਾ।
ਕੁਰੀਅਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖਣਗੇ, ਜੇ ਇਹ ਇਤਰਾਜ਼ਯੋਗ ਹੋਇਆ ਤਾਂ ਇਸ ਨੂੰ ਹਾਊਸ ਦੀ ਕਾਰਵਾਈ ਵਿਚੋਂ ਕੱਢ ਦੇਣਗੇ। ਇਸ ਦੇ ਜਵਾਬ ਵਿਚ ਹਾਊਸ ਦੇ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਸਪਾ ਮੈਂਬਰ ਨੇ ਹਿੰਦੂ ਦੇਵੀ-ਦੇਵਤਿਆਂ ਨੂੰ ਅਲਕੋਹਲ ਨਾਲ ਜੋੜਦਿਆਂ ਇਤਰਾਜ਼ਯੋਗ ਅਤੇ ਬਹੁ-ਗਿਣਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਟਿੱਪਣੀ ਹਾਊਸ ਤੋਂ ਬਾਹਰ ਕੀਤੀ ਗਈ ਹੁੰਦੀ ਤਾਂ ਉਨ੍ਹਾਂ 'ਤੇ ਮੁਕੱਦਮਾ ਦਰਜ ਹੋ ਜਾਣਾ ਸੀ।

ਅਗਰਵਾਲ ਨੇ ਪੂਰੇ ਦੇਸ਼ ਨੂੰ ਕੱਢੀ ਹੈ ਗਾਲ੍ਹ : ਅਨੰਤ ਕੁਮਾਰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਅਗਰਵਾਲ ਨੇ ਬਹੁ-ਗਿਣਤੀ ਭਾਈਚਾਰੇ ਦਾ ਅਪਮਾਨ ਕੀਤਾ ਹੈ। ਪੂਰੇ ਦੇਸ਼ ਨੂੰ ਗਾਲ੍ਹ ਕੱਢੀ ਹੈ। ਇਹ ਗੰਭੀਰ ਮਾਮਲਾ ਹੈ। ਇਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

'ਸ਼੍ਰੀ ਰਾਮ ਕਾ ਅਪਮਾਨ, ਨਹੀਂ ਸਹੇਗਾ ਹਿੰਦੋਸਤਾਨ'
ਸੱਤਾ ਧਿਰ ਦੇ ਮੈਂਬਰ 'ਸ਼੍ਰੀ ਰਾਮ ਕਾ ਅਪਮਾਨ, ਨਹੀਂ ਸਹੇਗਾ ਹਿੰਦੋਸਤਾਨ' ਦੇ ਨਾਅਰੇ ਲਾਉੁਂਦਿਆਂ ਆਪਣੀਆਂ ਸੀਟਾਂ 'ਤੇ  ਖੜ੍ਹੇ ਹੋ ਗਏ। ਵੱਖ-ਵੱਖ ਮੈਂਬਰਾਂ ਨੇ ਹਾਊਸ ਦੀ ਕਾਰਵਾਈ ਨੂੰ ਇਸ ਮੁੱਦੇ 'ਤੇ ਮੁਲਤਵੀ ਕਰਨ ਦੀ ਅਪੀਲ ਕੀਤੀ ਜਿਸ 'ਤੇ ਕੁਰੀਅਨ ਨੇ ਹਾਊਸ ਦੀ ਕਾਰਵਾਈ ਨੂੰ 10 ਮਿੰਟ ਲਈ ਮੁਲਤਵੀ ਕਰ ਦਿੱਤਾ।

ਗਊ ਰੱਖਿਆ ਦੇ ਨਾਂ 'ਤੇ ਹਿੰਸਾ ਪਿੱਛੇ ਸੰਘ ਦਾ ਹੱਥ : ਆਜ਼ਾਦ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਦਿਨੀਂ ਕਥਿਤ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਨੂੰ ਕੁੱਟ-ਕੁੱਟ ਦੇ ਕਤਲ ਕੀਤੇ ਜਾਣ ਦੀਆਂ ਕਈ ਘਟਨਾਵਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਬੁੱਧਵਾਰ ਰਾਜ ਸਭਾ ਵਿਚ ਕੇਂਦਰ ਸਰਕਾਰ ਅਤੇ ਆਰ. ਐੱਸ. ਐੱਸ. 'ਤੇ ਤਿੱਖੇ ਹਮਲੇ ਕੀਤੇ। ਨਾਲ  ਹੀ ਅਜਿਹੀਆਂ ਘਟਨਾਵਾਂ ਵਿਚ ਸੰਘ ਪਰਿਵਾਰ ਦੇ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਭਾਜਪਾ ਅਤੇ ਸੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਸਨ ਪਰ ਉਨ੍ਹਾਂ ਵਿਚ ਨਿੱਜੀ ਪੱਧਰ 'ਤੇ ਲੋਕ ਸ਼ਾਮਲ ਹੁੰਦੇ ਸਨ। ਹੁਣ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਨ੍ਹਾਂ ਵਿਚ ਸੰਘ ਪਰਿਵਾਰ ਦੇ ਲੋਕ ਸ਼ਾਮਲ ਹਨ। ਭਾਜਪਾ ਨੇ ਦੇਸ਼ ਵਿਚ ਦਹਿਸ਼ਤ ਵਾਲਾ ਮਾਹੌਲ ਬਣਾ ਦਿੱਤਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਜੰਮੂ-ਕਸ਼ਮੀਰ ਵਿਚ ਵੀ ਉਕਤ ਵਿਅਕਤੀ ਹੀ ਹਾਲਾਤ ਖਰਾਬ ਕਰ ਰਹੇ ਹਨ।

ਇਹ ਹੈ ਸੰਸਦ ਮੈਂਬਰ ਦਾ ਵਾਦ-ਵਿਵਾਦ ਵਾਲਾ ਬਿਆਨ
ਰਾਜ ਸਭਾ ਵਿਚ ਨਰੇਸ਼ ਅਗਰਵਾਲ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਦੇ ਕਿਹਾ, ''ਵ੍ਹਿਸਕੀ ਮੇਂ ਵਿਸ਼ਨੂ ਬਸੇ, ਰਮ ਮੇਂ ਸ਼੍ਰੀ ਰਾਮ, ਜਿੰਨ ਮੇਂ ਮਾਤਾ ਜਾਨਕੀ ਔਰ ਠੱਰੇ ਮੇਂ ਹਨੂਮਾਨ, ਜੈ ਸ਼੍ਰੀ ਰਾਮ''।


Related News