ਕਰਨਾਟਕ ਦੀ ਹਾਰ ਨਾਲ ਭਾਜਪਾ ਲਈ ਬੰਦ ਹੋਇਆ ਦੱਖਣ ਦਾ ''ਦੁਆਰ''

Sunday, May 14, 2023 - 10:33 AM (IST)

ਨਵੀਂ ਦਿੱਲੀ (ਸੁਨੀਲ ਪਾਂਡੇ)- ਦੱਖਣ ਭਾਰਤ ਦਾ ਗੇਟਵੇ ਮੰਨੇ ਜਾਂਦੇ ਕਰਨਾਟਕ ’ਚ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ੍ਹ ਹੋ ਗਈ। ਇੱਥੇ ‘ਬਜਰੰਗ ਬਲੀ’ ਭਾਜਪਾ ਲਈ ਸੰਜੀਵਨੀ ਲਿਆਉਣ ’ਚ ਦੇਰ ਕਰ ਗਏ। ਦੱਖਣ ਭਾਰਤ ਦੇ ਇਸ ਪ੍ਰਮੁਖ ਸੂਬੇ ’ਚ ਭਾਜਪਾ ਨੇ ਪਹਿਲੀ ਵਾਰ ਹਿੰਦੁਤਵ ਨੂੰ ਚੋਣ ਏਜੰਡੇ ਦੇ ਤੌਰ ’ਤੇ ਅਪਨਾਇਆ ਸੀ ਪਰ ਨਤੀਜੇ ਦੱਸ ਰਹੇ ਹਨ ਕਿ ਕਰਨਾਟਕ ਦੇ ਲੋਕਾਂ ਨੇ ਇਸ ਮੁੱਦੇ ਨੂੰ ਨਾਕਾਰ ਦਿੱਤਾ ਹੈ। 

ਬਜਰੰਗ ਦਲ ’ਤੇ ਪਾਬੰਦੀ ਨੂੰ ‘ਬਜਰੰਗ ਬਲੀ’ ਨਾਲ ਜੋੜਨਾ ਹੋਵੇ ਜਾਂ ਫਿਲਮ ‘ਦਿ ਕੇਰਲ ਸਟੋਰੀ’ ਨੂੰ ਮੁੱਦਾ ਬਣਾਉਣਾ ਹੋਵੇ, ਭਾਜਪਾ ਨੇਤਾਵਾਂ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਿੰਦੂ ਵੋਟਾਂ ਦਾ ਧਰੁਵੀਕਰਨ ਨਹੀਂ ਹੋਇਆ। ਇਸ ਦਾ ਫਾਇਦਾ ਕਾਂਗਰਸ ਨੂੰ ਜ਼ਰੂਰ ਹੋਇਆ ਅਤੇ ਇਸ ਵਜ੍ਹਾ ਨਾਲ ਘੱਟਗਿਣਤੀ ਵੋਟ (ਮੁਸਲਮਾਨ-ਈਸਾਈ ਵੋਟ) ਕਾਂਗਰਸ ਦੇ ਪੱਖ ’ਚ ਗਈਆਂ। ਕਰਨਾਟਕ ਦੀਆਂ ਇਨ੍ਹਾਂ ਚੋਣਾਂ ’ਚ 8 ਪ੍ਰਮੁੱਖ ਮੁੱਦੇ ਰਹੇ, ਜਿਨ੍ਹਾਂ ’ਚ 40 ਫ਼ੀਸਦੀ ਕਮੀਸ਼ਨ, ਅੱਤਵਾਦ, ਅਡਾਨੀ, ਕੁਰੱਪਸ਼ਨ, ਬਜਰੰਗ ਦਲ ਬੈਨ, ਲਵ ਜਿਹਾਦ, ਤੁਸ਼ਟੀਕਰਨ ਅਤੇ ਮੁਸਲਮਾਨ ਰਾਖਵਾਂਕਰਨ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਤਾਕਤ ਲਾ ਦਿੱਤੀ

ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਸਟਾਰ ਪ੍ਰਚਾਰਕ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਤਾਕਤ ਲਾ ਦਿੱਤੀ ਪਰ ਦੱਖਣ ਦੇ ‘ਦੁਆਰ’ ਨੂੰ ਬੰਦ ਹੋਣ ਤੋਂ ਨਹੀਂ ਰੋਕ ਸਕੇ। 7 ਦਿਨਾਂ ’ਚ 19 ਰੈਲੀਆਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ’ਚ ਜਨ ਸਭਾਵਾਂ ਅਤੇ ਰੈਲੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ 6 ਰੋਡ ਸ਼ੋਅ ਕੀਤੇ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਯੋਗੀ ਆਦਿਤਿਆਨਾਥ ਸਮੇਤ ਸਾਰੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਪਾਰਟੀ ਨੇ ਉਤਾਰ ਦਿੱਤੇ ਪਰ ਸੱਤਾ ਖੁੱਸ ਗਈ।

ਕਰਨਾਟਕ ’ਚ 38 ਸਾਲਾਂ ਤੋਂ ਰਿਪੀਟ ਨਹੀਂ ਹੋਈ ਸੱਤਾ

ਕਰਨਾਟਕ ਸੂਬੇ ’ਚ 38 ਸਾਲਾਂ ਤੋਂ ਸੱਤਾ ਰਿਪੀਟ ਨਹੀਂ ਹੋਈ ਹੈ। ਆਖਰੀ ਵਾਰ 1985 ’ਚ ਰਾਮਕ੍ਰਿਸ਼ਨ ਹੇਗੜੇ ਦੀ ਅਗਵਾਈ ਵਾਲੀ ਜਨਤਾ ਪਾਰਟੀ ਨੇ ਸੱਤਾ ’ਚ ਰਹਿੰਦੇ ਹੋਏ ਚੋਣਾਂ ਜਿੱਤੀਆਂ ਸੀ। ਉਥੇ ਹੀ ਪਿਛਲੀਆਂ 5 ਚੋਣਾਂ (1999, 2004, 2008, 2013 ਅਤੇ 2018) ’ਚੋਂ ਸਿਰਫ 2 ਵਾਰ (1999, 2013) ਸਿੰਗਲ ਪਾਰਟੀ ਨੂੰ ਬਹੁਮਤ ਮਿਲਿਆ। ਭਾਜਪਾ 2004, 2008, 2018 ’ਚ ਸਭ ਤੋਂ ਵੱਡੀ ਪਾਰਟੀ ਬਣੀ। ਉਸ ਨੇ ਬਾਹਰੀ ਸਮਰਥਨ ਨਾਲ ਸਰਕਾਰ ਬਣਾਈ ।


Tanu

Content Editor

Related News