ਦਿੱਲੀ ’ਚ ਭਾਜਪਾ ਨੇਤਾਵਾਂ ਨੇ ਭੜਕਾਈ ਹਿੰਸਾ : ਸੋਨੀਆ ਗਾਂਧੀ
Wednesday, Feb 26, 2020 - 01:22 PM (IST)
ਨਵੀਂ ਦਿੱਲੀ— ਦਿੱਲੀ ਹਿੰਸਾ ਨੂੰ ਲੈ ਕੇ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੀ ਅੱਜ ਯਾਨੀ ਬੁੱਧਵਾਰ ਨੂੰ ਬੈਠਕ ਹੋਈ। ਬੈਠਕ ’ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੌਜੂਦ ਰਹੇ। ਬੈਠਕ ’ਚ ਹਿੰਸਾ ਦੌਰਾਨ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਦਿੱਲੀ ਦੇ ਮੌਜੂਦਾ ਹਾਲਾਤ ਚਿੰਤਾਜਨਕ ਹਨ। ਇਕ ਸਾਜਿਸ਼ ਦੇ ਅਧੀਨ ਹਾਲਾਤ ਵਿਗੜੇ। ਭਾਜਪਾ ਨੇਤਾਵਾਂ ਨੇ ਭੜਕਾਊ ਭਾਸ਼ਣ ਦਿੱਤੇ। ਚੋਣਾਂ ਦੌਰਾਨ ਨਫ਼ਰਤ ਫੈਲਾਈ। ਦਿੱਲੀ ਦੀ ਸਥਿਤੀ ਲਈ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ।
ਸੋਨੀਆ ਗਾਂਧੀ ਨੇ ਪੁੱਛਿਆ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਕਿੱਥੇ ਸਨ ਅਤੇ ਕੀ ਕਰ ਰਹੇ ਸਨ? ਹਿੰਸਾ ਵਾਲੀਆਂ ਥਾਂਵਾਂ ’ਤੇ ਕਿੰਨੀ ਪੁਲਸ ਫੋਰਸ ਲੱਗੀ? ਵਿਗੜਦੇ ਹਾਲਾਤ ਤੋਂ ਬਾਅਦ ਵੀ ਫੌਜ ਦੀ ਤਾਇਨਾਤੀ ਨਹੀਂ ਕੀਤੀ ਗਈ? ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਕਰ ਰਹੇ ਸਨ?
ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਕਾਰਨ ਤਣਾਅ ਹਾਲੇ ਵੀ ਬਰਕਰਾਰ ਹੈ। ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ ਤਾਂ ਉੱਥੇ ਹੀ ਕਰੀਬ 200 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਿੰਸਾ ’ਚ ਜ਼ਖਮੀਆਂ ਦੀ ਸੁਰੱਖਿਆ ਅਤੇ ਬਿਹਤਰ ਇਲਾਜ ਲਈ ਦਿੱਲੀ ਹਾਈ ਕੋਰਟ ’ਚ ਜਸਟਿਸ ਐੱਸ. ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਸੁਣਵਾਈ ਹੋਈ। ਕੋਰਟ ਨੇ ਦਿੱਲੀ ਪੁਲਸ ਨੂੰ ਮੁਸਤਫਾਬਾਦ ਦੇ ਇਕ ਹਸਪਤਾਲ ਤੋਂ ਐਂਬੂਲੈਂਸ ਨੂੰ ਸੁਰੱਖਿਅਤ ਰਸਤਾ ਅਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ’ਚ ਸ਼ਿਫਟ ਕਰਨ ਦਾ ਨਿਰਦੇਸ਼ ਦਿੱਤਾ।