ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ ਤੇ ਜ਼ਹਿਰ ਦੇਣ ਦਾ ਖਦਸ਼ਾ

Friday, Aug 26, 2022 - 10:32 AM (IST)

ਸੋਨਾਲੀ ਫੋਗਾਟ ਦੀ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ ਤੇ ਜ਼ਹਿਰ ਦੇਣ ਦਾ ਖਦਸ਼ਾ

ਹਿਸਾਰ/ਗੋਆ (ਬਿਊਰੋ)- ਭਾਜਪਾ ਨੇਤਰੀ ਅਤੇ ਫ਼ਿਲਮ ਅਦਾਕਾਰਾ ਸੋਨਾਲੀ ਫੋਗਾਟ ਦੀ ਲਾਸ਼ ਦਾ ਗੋਆ ’ਚ ਲੰਬੇ ਇੰਤਜ਼ਾਰ ਤੋਂ ਬਾਅਦ ਪੋਸਟਮਾਰਟਮ ਹੋ ਗਿਆ। ਇਹ ਪੋਸਟਮਾਰਟਮ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੋਇਆ। ਪੋਸਟਮਾਰਟਮ ਹੋਣ ਤੋਂ ਬਾਅਦ ਹੁਣ ਸੋਨਾਲੀ ਦੀ ਲਾਸ਼ ਨੂੰ ਹੁਣ ਹਿਸਾਰ ਲਿਆਂਦਾ ਜਾਵੇਗਾ, ਜਿੱਥੇ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਹੋਵੇਗਾ। ਪੋਸਟਮਾਰਟਮ ਤੋਂ ਬਾਅਦ ਗੋਆ ਪੁਲਸ ਨੇ ਸੋਨਾਲੀ ਦੇ ਭਰਾ ਰਿੰਕੂ ਢਾਕਾ ਦੀ ਸ਼ਿਕਾਇਤ ’ਤੇ ਸੋਨਾਲੀ ਦੇ ਪੀ. ਏ. ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਗੋਆ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾਲੀ ਦੀ ਪੋਸਟਮਾਰਟਮ ਰਿਪੋਰਟ ’ਚ ਜ਼ਹਿਰ ਦੇਣ ਦਾ ਖਦਸ਼ਾ ਪ੍ਰਗਟਾ ਕੇ ਵਿਸਰਾ ਜਾਂਚ ਲਈ ਲੈਬ ’ਚ ਭੇਜ ਦਿੱਤੀ ਗਈ ਹੈ। ਰਿਪੋਰਟ ਆਉਣ ’ਤੇ ਸਥਿਤੀ ਸਪੱਸ਼ਟ ਹੋਵੇਗੀ। ਪੋਸਟਮਾਰਟਮ ਰਿਪੋਰਟ ’ਚ 4 ਤੋਂ 5 ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉਥੇ ਹੀ ਹਿਸਾਰ ’ਚ ਵੀਰਵਾਰ ਨੂੰ ਪੂਰਾ ਦਿਨ ਸੋਨਾਲੀ ਦੀ ਲਾਸ਼ ਦਾ ਇੰਤਜ਼ਾਰ ਰਿਹਾ। ਸੋਨਾਲੀ ਦੇ ਢੰਢੂਰ ਸਥਿਤ ਫਾਰਮ ਹਾਊਸ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਦਾ ਆਉਣਾ -ਜਾਣਾ ਲੱਗਾ ਹੋਇਆ ਸੀ। ਕਈ ਭਾਜਪਾ ਨੇਤਾਵਾਂ ਨੇ ਉਨ੍ਹਾਂ ਦੇ ਫਾਰਮ ਹਾਊਸ ’ਤੇ ਜਾ ਕੇ ਸੋਗ ਜਤਾਇਆ। ਭਰਾ ਵਤਨ ਢਾਕਾ ਨੇ ਦੱਸਿਆ ਕਿ ਲਾਸ਼ ਨੂੰ ਹਿਸਾਰ ਲਿਆਂਦਾ ਜਾ ਰਿਹਾ ਹੈ।

2 ਦਿਨਾਂ ਤੋਂ ਪਰਿਵਾਰਕ ਮੈਂਬਰ ਇਸ ਗੱਲ ’ਤੇ ਅੜੇ ਸੀ ਕਿ ਪਹਿਲਾਂ ਇਸ ਮਾਮਲੇ ’ਚ ਕਤਲ ਦਾ ਕੇਸ ਦਰਜ ਹੋਵੇ, ਉਸ ਤੋਂ ਬਾਅਦ ਪੋਸਟਮਾਰਟਮ ਹੋਵੇ। ਨਾਲ ਹੀ ਪਰਿਵਾਰਕ ਮੈਂਬਰ ਗੋਆ ਪੁਲਸ ’ਤੇ ਸਹਿਯੋਗ ਨਾ ਕਰਨ ਦਾ ਵੀ ਦੋਸ਼ ਲਾ ਰਹੇ ਸੀ। ਵੀਰਵਾਰ ਸਵੇਰੇ ਸੋਨਾਲੀ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੇ ਆਪਣੀ ਸਹਿਮਤੀ ਦੇ ਦਿੱਤੀ। ਉਸ ਤੋਂ ਬਾਅਦ ਡਾਕਟਰਾਂ ਦੇ ਪੈਨਲ ਨੇ ਦੁਪਹਿਰ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ। ਇਸ ਦੌਰਾਨ ਸੋਨਾਲੀ ਦਾ ਭਰਾ ਰਿੰਕੂ ਅਤੇ ਜੀਜਾ ਅਮਨ ਹਸਪਤਾਲ ’ਚ ਮੌਜੂਦ ਰਹੇ। ਪੋਸਟਮਾਰਟਮ ਤੋਂ ਬਾਅਦ ਡੈੱਡਬਾਡੀ ਹੈਂਡਓਵਰ ਕਰਨ ਦੀ ਕਾਗਜ਼ੀ ਕਾਰਵਾਈ ਹੋਈ। ਗੋਆ ਪੁਲਸ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਉਥੇ ਹੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਜਸਪਾਲ ਸਿੰਘ ਸੋਨਾਲੀ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਖੁਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਕਈ ਸਵਾਲ ਹਨ ਜਾਂਚ ਦਾ ਵਿਸ਼ਾ
ਗੋਆ ’ਚ ਅਮਨ ਪੂਨੀਆ ਨੇ ਦੋਸ਼ ਲਾਇਆ ਸੀ ਕਿ ਸੋਨਾਲੀ ਦੀ ਮੌਤ ਤੋਂ ਬਾਅਦ ਕਈ ਘੰਟਿਆਂ ਤੱਕ ਸੁਧੀਰ ਸਾਂਗਵਾਨ ਉਸ ਦਾ ਮੋਬਾਇਲ ਇਸਤੇਮਾਲ ਕਰਦਾ ਰਿਹਾ। ਅਜਿਹੇ ’ਚ ਗੋਆ ਪੁਲਸ ਨੂੰ ਮੋਬਾਇਲ ਆਪਣੇ ਕਬਜ਼ੇ ’ਚ ਲੈਣਾ ਚਾਹੀਦਾ ਸੀ। ਸੋਨਾਲੀ ਦੀ ਸਿਹਤ ਵਿਗੜਨ ਦੇ ਬਾਵਜੂਦ ਸੁਧੀਰ ਉਸ ਨੂੰ ਤੁਰੰਤ ਹਸਪਤਾਲ ਕਿਉਂ ਨਹੀਂ ਲੈ ਗਿਆ? ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾਣੀ ਚਾਹੀਦੀ ਹੈ। ਨਾਲ ਹੀ ਸੋਨਾਲੀ ਦੀ ਮੌਤ ਪਿੱਛੇ ਕੋਈ ਸਿਆਸੀ ਸਾਜ਼ਿਸ਼ ਤਾਂ ਨਹੀਂ ਹੈ, ਇਸ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਥੇ ਹੀ ਗੋਆ ਪੁਲਸ ਨੇ ਸੋਨਾਲੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਸੋਨਾਲੀ ਦੀ ਮੌਤ ਕਦੋਂ, ਕਿਵੇਂ ਅਤੇ ਕਿੱਥੇ ਹੋਈ। ਗੋਆ ਪੁਲਸ ਸੁਧੀਰ ਨੂੰ ਲੈ ਕੇ ਰਿਜ਼ੋਰਟ ਪਹੁੰਚੀ, ਜਿੱਥੇ ਪੁੱਛਗਿੱਛ ਕੀਤੀ ਗਈ। 
ਸੋਨਾਲੀ ਦੇ ਭਰਾ ਰਿੰਕੂ ਨੇ ਵੀ ਗੋਆ ਪੁਲਸ ਨੂੰ ਸ਼ਿਕਾਇਤ ਦੇ ਕੇ ਸੁਧੀਰ ਸਾਂਗਵਾਨ ’ਤੇ ਸੋਨਾਲੀ ਨਾਲ ਜਬਰ-ਜ਼ਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਸੀ। ਪਰਿਵਾਰ ਦਾ ਦੋਸ਼ ਹੈ ਕਿ 3 ਸਾਲ ਪਹਿਲਾਂ ਸੋਨਾਲੀ ਦੇ ਘਰ ਹੋਈ ਚੋਰੀ ’ਚ ਵੀ ਸੁਧੀਰ ਦਾ ਹੱਥ ਸੀ, ਹੁਣ ਉਹ ਜਾਇਦਾਦ ਹੜੱਪਣਾ ਚਾਹੁੰਦਾ ਸੀ।

ਪੋਸਟ ਮਾਰਟਮ ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ
ਸੋਨਾਲੀ ਫੋਗਾਟੋ ਦੇ ਭਰਾ ਰਿੰਕੂ ਦਾ ਕਹਿਣਾ ਹੈ ਕਿ, ''ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ 4 ਸੱਟਾਂ ਅਤੇ ਜ਼ਹਿਰ ਦੱਸਿਆ ਗਿਆ ਹੈ। ਅਸੀਂ ਸ਼ੁਰੂ ਤੋਂ ਹੀ ਹਾਰਟ ਅਟੈਕ ਦੇ ਕਾਰਨਾਂ ਤੋਂ ਇਨਕਾਰ ਕਰਦੇ ਆ ਰਹੇ ਹਾਂ। ਇਹ ਇੱਕ ਯੋਜਨਾਬੱਧ ਕਤਲ ਹੈ। ਸਾਨੂੰ ਪੀਏ ਸੁਧੀਰ ਸਾਗਵਾਨ ਅਤੇ ਸਾਥੀ ਸੁਖਵਿੰਦਰ 'ਤੇ ਸ਼ੱਕ ਹੈ। ਇਹ ਦੋਵੇਂ ਸੋਨਾਲੀ ਦੇ ਕਤਲ ਵਿਚ ਬਰਾਬਰ ਦੇ ਸ਼ਾਮਲ ਹਨ।'

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ

ਸਰੀਰ 'ਤੇ ਸੱਟ ਦੇ ਨਿਸ਼ਾਨ
ਪੋਸਟਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੋਨਾਲੀ ਫੋਗਾਟ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਦੇ ਨਾਲ ਹੀ ਗੋਆ ਪੁਲਸ ਦਾ ਕਹਿਣਾ ਹੈ ਕਿ ਸੋਨਾਲੀ ਦੇ ਸਰੀਰ 'ਤੇ ਕੋਈ ਤਿੱਖੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਗੋਆ ਪੁਲਸ ਨੇ ਵੀਰਵਾਰ ਨੂੰ ਹੋਈ ਸੋਨਾਲੀ ਫੋਗਾਟ ਦੀ ਮੌਤ ਦੇ ਦੋਸ਼ 'ਚ ਦੋ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਗੋਆ ਜਾਣ ਦੀ ਕੋਈ ਨਹੀਂ ਸੀ ਯੋਜਨਾ 
ਰਿੰਕੂ ਨੇ ਦੱਸਿਆ ਕਿ ਸੋਨਾਲੀ ਫੋਗਾਟ ਦੀ ਗੋਆ ਜਾਣ ਦੀ ਕੋਈ ਯੋਜਨਾ ਨਹੀਂ ਸੀ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਉੱਥੇ ਲਿਆਂਦਾ ਗਿਆ ਸੀ। ਹੋਟਲ ਦੇ ਦੋ ਕਮਰੇ ਦੋ ਦਿਨਾਂ ਲਈ ਹੀ ਬੁੱਕ ਹੋਏ ਸਨ। ਜਦੋਂ ਕਿ ਫ਼ਿਲਮ ਦੀ ਸ਼ੂਟਿੰਗ 24 ਅਗਸਤ ਨੂੰ ਹੋਣੀ ਸੀ ਪਰ ਕਮਰਿਆਂ ਦੀ ਬੁਕਿੰਗ 21-22 ਅਗਸਤ ਲਈ ਹੀ ਕਿਉਂ ਕੀਤੀ ਗਈ।

ਡੀ. ਜੀ. ਪੀ. ਗੋਆ ਬੋਲੇ-ਚੱਲਣ ਦੀ ਹਾਲਤ ’ਚ ਨਹੀਂ ਸੀ ਸੋਨਾਲੀ
ਗੋਆ ਪੁਲਸ ਨੇ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ ਹੈ। ਉੱਧਰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਜਸਪਾਲ ਸਿੰਘ ਸੋਨਾਲੀ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਖੁਦ ਕਰ ਰਹੇ ਹਨ। ਡੀ. ਜੀ. ਪੀ. ਦਾ ਕਹਿਣਾ ਹੈ ਕਿ ਸੋਨਾਲੀ ਉਸ ਸਮੇਂ ਚੱਲਣ ਦੀ ਹਾਲਤ ’ਚ ਨਹੀਂ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News