ਅਕ੍ਰਿਤਘਣ ਪੁੱਤਾਂ ਦਾ ਕਾਰਾ, ਜ਼ਮੀਨ ਖ਼ਾਤਰ ਪਿਓ ਨੂੰ ਮਾਰ ਕੇ ਜਾਨਵਰਾਂ ਦੇ ਖਾਣ ਲਈ ਜੰਗਲ 'ਚ ਸੁੱਟੀ ਲਾਸ਼
Saturday, Nov 07, 2020 - 03:35 PM (IST)
ਇਟਾਵਾ- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਭਰਥਨਾ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਭਰਾਵਾਂ ਨੇ ਜ਼ਮੀਨ ਖ਼ਾਤਰ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਜੰਗਲ 'ਚ ਸੁੱਟ ਦਿੱਤੀ। ਪੁਲਸ ਨੇ ਤਿੰਨੋਂ ਦਰਿੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਓਮਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਗੂਪੁਰਾ ਪਿੰਡ ਵਾਸੀ ਵੀਰੇਂਦਰ ਸਿੰਘ ਦੀ ਉਸ ਦੀ ਤਿੰਨ ਪੁੱਤਾਂ ਨੇ ਇਕ ਨਵੰਬਰ ਦੀ ਰਾਤ ਚਿਹਰੇ 'ਤੇ ਮੁੱਕਿਆਂ ਨਾਲ ਜ਼ਬਰਦਸਤ ਵਾਰ ਕਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨਗਲਾ ਜਲਾਲ ਕੋਲ ਜੰਗਲੀ ਇਲਾਕੇ 'ਚ ਲਿਜਾ ਕੇ ਸੁੱਟ ਦਿੱਤੀ। ਅਗਲੇ ਦਿਨ ਯਾਨੀ 2 ਨਵੰਬਰ ਨੂੰ ਲਾਸ਼ ਦੀ ਪਛਾਣ ਹੋਣ 'ਤੇ ਇਕ ਪੁੱਤ ਨੇ ਪੁਲਸ ਦੇ ਸਾਹਮਣੇ ਆਪਣੇ ਕਈ ਵਿਰੋਧੀਆਂ 'ਤੇ ਦੋਸ਼ ਲਗਾ ਦਿੱਤਾ। ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੇ ਦੱਸਿਆ ਕਿ ਕਤਲ ਕਰਨ ਲਈ ਤਿੰਨ ਪੁੱਤਾਂ ਨੇ ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਪਿਤਾ ਦੇ ਚਿਹਰੇ ਨੂੰ ਕੱਪੜੇ ਨਾਲ ਢੱਕ ਦਿੱਤਾ ਅਤੇ ਅੰਨ੍ਹੇਵਾਹ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਜਦੋਂ ਇਸ ਗੱਲ ਤੋਂ ਸੰਤੁਸ਼ਟ ਹੋ ਕੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੈ ਤਾਂ ਲਾਸ਼ ਲਿਜਾ ਕੇ ਨਗਲਾ ਜਲਾਲ ਕੋਲ ਇਕ ਜੰਗਲੀ ਇਲਾਕੇ 'ਚ ਸੁੱਟ ਦਿੱਤੀ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਪਿਤਾ ਦੇ ਕਤਲ ਦੇ ਦੋਸ਼ 'ਚ ਵੀਰੇਂਦਰ ਸਿੰਘ ਦੇ ਪੁੱਤ ਚੰਦਰਪਾਲ ਸਿੰਘ, ਅਰੁਣ ਕੁਮਾਰ ਉਰਫ਼ ਗੁੱਡੂ ਅਤੇ ਵਿਸ਼ਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨਾਂ ਨੇ ਆਪਣੇ ਪਿਤਾ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ। ਵਿਸ਼ਨੂੰ ਨੂੰ ਛੱਡ ਕੇ ਵੀਰੇਂਦਰ ਦੇ 2 ਪੁੱਤ ਦਿੱਲੀ 'ਚ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੇ ਹਨ। ਦੋਸ਼ੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਲਾਸ਼ ਜੰਗਲੀ ਇਲਾਕੇ 'ਚ ਇਹ ਮੰਨ ਕੇ ਸੁੱਟ ਦਿੱਤੀ ਕਿ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਵੀਰੇਂਦਰ ਸਿੰਘ ਕੋਲ ਕਰੀਬ 8 ਵੀਘਾ ਦੇ ਕਰੀਬ ਜੱਦੀ ਜ਼ਮੀਨ ਹੋਇਆ ਕਰਦੀ ਸੀ, ਇਸ 'ਚੋਂ 3 ਵੀਘਾ ਉਸ ਨੇ ਤਿੰਨ ਸਾਲ ਪਹਿਲਾਂ ਵੇਚ ਦਿੱਤੀ ਸੀ। ਜ਼ਮੀਨ ਦੀ ਵਿਕਰੀ ਤੋਂ ਗੁੱਸੇ 'ਚ ਆ ਕੇ ਉਸ ਦੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ ਪਰ ਵੀਰੇਂਦਰ ਸਿੰਘ ਦਾ ਮਨ ਸਿਰਫ਼ ਇੰਨੀ ਜ਼ਮੀਨ ਵੇਚਣ ਨਾਲ ਨਹੀਂ ਮੰਨਿਆ ਅਤੇ ਉਸ ਨੇ ਕੋਰੋਨਾ ਕਾਲ 'ਚ 18 ਅਗਸਤ ਨੂੰ ਆਪਣੀ ਬਚੀ ਹੋਈ ਜ਼ਮੀਨ 'ਚ ਢਾਈ ਵੀਘਾ ਜ਼ਮੀਨ ਫਿਰ ਤੋਂ ਵੇਚ ਦਿੱਤੀ। ਇਸ ਗੱਲ ਦੀ ਜਾਣਕਾਰੀ ਹੋਣ 'ਤੇ ਵੀਰੇਂਦਰ ਦੇ ਸਭ ਤੋਂ ਛੋਟੇ ਪੁੱਤਰ ਨੇ ਦਿੱਲੀ 'ਚ ਨੌਕਰੀ ਕਰ ਰਹੇ ਭਰਾਵਾਂ ਨੂੰ ਦੱਸਿਆ। ਦੋਵੇਂ ਪੁੱਤ ਦਿੱਲੀ ਤੋਂ ਪਿੰਡ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਜ਼ਮੀਨ ਵੇਚਣ ਦੇ ਸੰਬੰਧ 'ਚ ਗੱਲਬਾਤ ਕੀਤੀ। ਇਸ ਵਿਚ ਤਿੰਨਾਂ ਨੇ ਪਿਤਾ ਦਾ ਕਤਲ ਕਰ ਦਿੱਤਾ।