ਬੇਟੇ ਦੀ ਮੌ.ਤ ਤੋਂ ਅਣਜਾਣ ਨੇਤਰਹੀਣ ਮਾਪੇ 4 ਦਿਨ ਤੱਕ ਮ੍ਰਿਤਕ ਦੇਹ ਨਾਲ ਰਹੇ
Tuesday, Oct 29, 2024 - 05:03 PM (IST)
ਹੈਦਰਾਬਾਦ (ਭਾਸ਼ਾ)- ਇਕ ਘਰ 'ਚ 30 ਸਾਲਾ ਬੇਟੇ ਦੀ ਮ੍ਰਿਤਕ ਦੇਹ ਨਾਲ ਰਹਿ ਰਹੇ ਨੇਤਰਹੀਣ ਬਜ਼ੁਰਗ ਜੋੜੇ ਨੂੰ ਪਤਾ ਨਹੀਂ ਸੀ ਕਿ ਉਸ ਦੀ ਚਾਰ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਰਦਨਾਕ ਘਟਨਾ ਤੇਲੰਗਾਨਾ ਦੇ ਹੈਦਰਾਬਾਦ ਦੀ ਹੈ। ਪੁਲਸ ਨੇ ਦੱਸਿਆ ਕਿ ਘਰੋਂ ਬੱਦਬੂ ਆਉਣ ਲੱਗੀ ਤਾਂ ਸੋਮਵਾਰ ਨੂੰ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਮ੍ਰਿਤਕ ਦੇਹ ਅਤੇ ਅੱਧ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਪਏ ਪਤੀ-ਪਤਨੀ ਮਿਲੇ। ਨਗੋਲੇ ਥਾਣੇ ਦੇ ਇੰਚਾਰਜ ਏ. ਸੂਰੀਆ ਨਾਇਕ ਨੇ ਦੱਸਿਆ ਕਿ ਵਿਅਕਤੀ ਦੀ ਘਰ 'ਚ ਹੀ ਮੌਤ ਹੋ ਗਈ ਸੀ ਅਤੇ ਸ਼ੱਕ ਹੈ ਕਿ ਉਸ ਦੀ ਮੌਤ 4-5 ਦਿਨ ਪਹਿਲੇ ਸੁੱਤੇ ਪਏ ਹੋਈ ਸੀ।
ਅਧਿਕਾਰੀ ਨੇ ਦੱਸਿਆ ਕਿ ਨੇਤਰਹੀਣ ਬਜ਼ੁਰਗ ਜੋੜੇ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਛੋਟੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਖਾਣ-ਪੀਣ ਲਈ ਉਸ ਨੂੰ ਆਵਾਜ਼ ਲਗਾਉਂਦੇ ਰਹੇ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਵਾਜ਼ ਸ਼ਾਇਦ ਗੁਆਂਢੀ ਵੀ ਨਹੀਂ ਸੁਣ ਸਕੇ। ਪੁਲਸ ਨੇ ਉਨ੍ਹਾਂ ਨੂੰ ਖਾਣਾ ਅਤੇ ਪਾਣੀ ਉਪਲੱਬਧ ਕਰਵਾਇਆ। ਜੋੜੇ ਤੋਂ ਉਨ੍ਹਾਂ ਦੇ ਵੱਡੇ ਬੇਟੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਉਸ ਨੂੰ ਸੂਚਿਤ ਕੀਤਾ ਜੋ ਸ਼ਹਿਰ ਦੇ ਦੂਜੇ ਇਲਾਕੇ 'ਚ ਰਹਿੰਦਾ ਹੈ। ਮ੍ਰਿਤਕ ਦੇਹ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਣ ਦੇ ਨਾਲ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8