ਵਕੀਲ ਪੁੱਤ ਨੂੰ ਭੁੱਲੀ ਮਾਪਿਆਂ ਦੀ ਮਮਤਾ, ਦੋਹਾਂ ਨੂੰ ਗੋਲੀਆਂ ਮਾਰ ਕੀਤਾ ਕਤਲ

10/13/2020 2:08:25 PM

ਬਰੇਲੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਪੇਂਡੂ ਖੇਤਰ ਮੀਰਗੰਜ ਥਾਣੇ ਦੇ ਬਹਿਰੋਲੀ ਪਿੰਡ 'ਚ ਵਕੀਲ ਪੁੱਤਰ ਨੇ ਆਪਣੇ ਸੇਵਾਮੁਕਤ ਅਧਿਆਪਕ ਪਿਤਾ ਅਤੇ ਮਾਂ ਦਾ ਮੰਗਲਵਾਰ ਯਾਨੀ ਕਿ ਅੱਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਜ਼ੁਰਗ ਜੋੜਾ ਲਾਲਤਾ ਪ੍ਰਸਾਦ ਗੰਗਵਾਰ (76) ਅਤੇ ਉਨ੍ਹਾਂ ਦੀ ਪਤਨੀ ਮੋਹਨੀ ਦੇਵੀ (70) ਸਵੇਰੇ ਪੂਜਾ-ਪਾਠ ਕਰ ਰਹੇ ਸਨ। ਅਚਾਨਕ ਪੁੱਤਰ ਦੁਰਵੇਸ਼ ਨੇ ਆ ਕੇ ਮਾਂ-ਬਾਪ ਨੂੰ ਮਾੜੇ ਬੋਲ ਬੋਲੇ ਅਤੇ ਕੁੱਟਮਾਰ ਕਰਨ ਲੱਗਾ। ਪੁਲਸ ਮੁਤਾਬਕ ਇਸ ਤੋਂ ਬਾਅਦ ਗੱਲ ਵੱਧਣ 'ਤੇ ਉਸ ਨੇ ਆਪਣੇ ਮਾਪਿਆਂ ਨੂੰ ਗੋਲੀਆਂ ਮਾਰੀਆਂ, ਜਿਸ ਨਾਲ ਬਜ਼ੁਰਗ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫਰਾਰ ਹੋ ਗਿਆ। 

ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਰੋਹਿਤ ਸਿੰਘ ਸਜਵਾਣ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਐੱਸ. ਐੱਸ. ਪੀ. ਸਜਵਾਣ ਨੇ ਦੱਸਿਆ ਕਿ ਦੋਸ਼ੀ ਦੁਰਵੇਸ਼ ਗੰਗਵਾਰ ਜਾਇਦਾਦ ਦੀ ਵੰਡ ਨੂੰ ਲੈ ਕੇ ਬਜ਼ੁਰਗ ਮਾਪਿਆਂ ਤੋਂ ਨਾਰਾਜ਼ ਸੀ। ਉਨ੍ਹਾਂ ਨੇ ਦੱਸਿਆ ਕਿ ਵਕੀਲ ਦੁਰਵੇਸ਼ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੀਰਗੰਜ ਦੀ ਟੀਚਰਸ ਕਾਲੋਨੀ 'ਚ ਰਹਿੰਦਾ ਸੀ। ਦੋਸ਼ੀ ਪੁੱਤਰ ਨੂੰ ਲੱਗਦਾ ਕਿ ਮਾਂ-ਬਾਪ ਨੇ ਉਸ ਦੇ ਭਰਾ ਉਮੇਸ਼ ਨੂੰ ਜ਼ਿਆਦਾ ਜਾਇਦਾਦ ਦਿੱਤੀ ਹੋਈ ਹੈ ਅਤੇ ਉਸ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਵੀ ਕਰਦੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਰਵੇਸ਼ ਤੜਕੇ 5 ਵਜੇ ਪਿੰਡ ਪਹੁੰਚਿਆ ਅਤੇ ਪਹਿਲਾਂ ਪੂਜਾ-ਪਾਠ ਕਰ ਰਹੇ ਪਿਤਾ ਲਾਲਤਾ ਪ੍ਰਸਾਦ ਅਤੇ ਮਾਂ ਮੋਹਨੀ ਦੇਵੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਘਟਨਾ ਦੇ ਪਿੱਛੇ ਪਰਿਵਾਰ 'ਚ ਜ਼ਮੀਨੀ ਵਿਵਾਦ ਸਾਹਮਣੇ ਆਇਆ ਹੈ। ਪੁਲਸ ਕਾਨੂੰਨੀ ਕਾਰਵਾਈ 'ਚ ਜੁੱਟੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।


Tanu

Content Editor

Related News