ਜਵਾਨਾਂ ਨੇ ਮਣੀਪੁਰ ’ਚ ਹੜ੍ਹ ਤੋਂ 1000 ਲੋਕਾਂ ਨੂੰ ਬਚਾਇਆ
Thursday, May 30, 2024 - 08:06 PM (IST)
ਇੰਫਾਲ, (ਭਾਸ਼ਾ)- ਆਸਾਮ ਰਾਈਫਲਜ਼ ਦੇ ਜਵਾਨਾਂ ਨੇ ਮਣੀਪੁਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੱਗਭਗ 1,000 ਲੋਕਾਂ ਨੂੰ ਬਚਾਇਆ ਹੈ। ਇਹ ਸੂਬਾ ਚੱਕਰਵਾਤੀ ਤੂਫਾਨ ਰੇਮਲ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਆਸਾਮ ਰਾਈਫਲਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਜਵਾਨਾਂ ਨੇ ਮੰਗਲਵਾਰ ਨੂੰ ਇੰਫਾਲ ਸ਼ਹਿਰ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਫਲਤਾਪੂਰਵਕ ਬਚਾਅ ਕਾਰਜ ਚਲਾਏ ਅਤੇ ਫਸੇ ਹੋਏ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੁੱਧਤਾ ਅਤੇ ਹਮਦਰਦੀ ਨਾਲ ਸੰਚਾਲਿਤ ਇਹ ਮੁਹਿੰਮ ਸੰਕਟ ਦੇ ਸਮੇਂ ਜਾਨ-ਮਾਲ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਸੁਰੱਖਿਆ ਬਲਾਂ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦਾ ਪਾਣੀ ਵਧਣ ਕਾਰਨ ਕਈ ਲੋਕ ਫਸੇ ਅਤੇ ਅਸੁਰੱਖਿਅਤ ਹੋ ਗਏ। ਅਸਾਮ ਰਾਈਫਲਜ਼ ਨੇ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਹੜ੍ਹ ਰਾਹਤ ਟੀਮਾਂ ਤਾਇਨਾਤ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹੜ੍ਹ ਬਚਾਓ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨਾ ਅਸਾਮ ਰਾਈਫਲਜ਼ ਦੇ ਅਟੁੱਟ ਸਮਰਪਣ, ਪੇਸ਼ੇਵਰਤਾ ਅਤੇ ਮੁਸਤੈਦੀ ਦਾ ਪ੍ਰਮਾਣ ਹੈ। ਵੀਰਵਾਰ ਨੂੰ ਜਦੋਂ ਮੌਸਮ ਕੁਝ ਸਮੇਂ ਲਈ ਸੁਧਰਿਆ ਤਾਂ ਅਸਾਮ ਰਾਈਫਲਜ਼ ਨੇ ਜ਼ਰੂਰੀ ਭੋਜਨ ਅਤੇ ਪਾਣੀ ਵੰਡਣ ਦਾ ਕੰਮ ਸੰਭਾਲ ਲਿਆ।