ਫੌਜ ਨੇ ਲਿਆ ਸ਼ਹਾਦਤ ਦਾ ਬਦਲਾ, ਹਿਜ਼ਬੁਲ ਦੇ ਟਾਪ ਕਮਾਂਡਰ ਨਾਇਕੂ ਸਣੇ 5 ਅੱਤਵਾਦੀ ਢੇਰ
Thursday, May 07, 2020 - 12:31 AM (IST)
ਸ਼੍ਰੀਨਗਰ/ਜੰਮੂ (ਬਲਰਾਮ) - ਭਾਰਤੀ ਸੁਰੱਖਿਆ ਦਸਤਿਆਂ ਨੂੰ ਬੁੱਧਵਾਰ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਨੇ ਪੁਲਵਾਮਾ ਜ਼ਿਲੇ ਦੇ ਪਿੰਡ ਬੇਗਪੁਰਾ ਵਿਚ ਹੋਏ ਮੁਕਾਬਲੇ ਦੌਰਾਨ ਪਾਕਿਸਤਾਨ ਹਮਾਇਤੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਉਰਫ ਮੁਹੰਮਦ ਬਿਨ ਕਾਸਿਮ ਨੂੰ ਉਸ ਦੇ ਬਾਡੀਗਾਰਡ ਸਮੇਤ ਮਾਰ ਦਿੱਤਾ। ਇਹ ਨਾਇਕੂ ਦਾ ਜੱਦੀ ਪਿੰਡ ਹੈ। ਸੁਰੱਖਿਆ ਦਸਤਿਆਂ ਨੇ ਅਤੇ ਅੱਤਵਾਦੀ ਹੋਣ ਦੇ ਖਦਸ਼ੇ ਦੇ ਚੱਲਦਿਆਂ ਬਾਅਦ ਵਿਚ ਉਸ ਮਕਾਨ ਨੂੰ ਵੀ ਧਮਾਕੇ ਨਾਲ ਉਡਾ ਦਿੱਤਾ, ਜਿਸ ਵਿਚ ਅੱਤਵਾਦੀ ਲੁਕੇ ਹੋਏ ਸਨ। ਪਿਛਲੇ 8 ਸਾਲਾਂ ਦੌਰਾਨ ਹੋਏ ਕਈ ਅੱਤਵਾਦੀ ਹਮਲਿਆਂ ਵਿਚ ਲੋੜੀਂਦੇ ਰਿਆਜ਼ ਨਾਇਕੂ ਨੂੰ ਸਰਕਾਰ ਨੇ 'ਏ ਪਲੱਸ ਪਲੱਸ' ਸ਼੍ਰੇਣੀ ਵਿਚ ਰੱਖ ਕੇ ਉਸ 'ਤੇ 12 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਕਸ਼ਮੀਰ ਘਾਟੀ ਦੇ ਹੀ ਅਵੰਤੀਪੁਰਾ ਵਿਚ ਹੋਏ ਇਕ ਹੋਰ ਮੁਕਾਬਲੇ ਵਿਚ ਸੁਰੱਖਿਆ ਦਸਤਿਆਂ ਨੇ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਵਿਚ ਸਫਲਤਾ ਹਾਸਲ ਕੀਤੀ।
ਜਾਣਕਾਰੀ ਮੁਤਾਬਕ ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਸੁਰੱਖਿਆ ਦਸਤਿਆਂ ਨੂੰ ਸੂਚਨਾ ਮਿਲੀ ਕਿ ਕੋਈ ਵੱਡਾ ਅੱਤਵਾਦੀ ਆਪਣੇ ਸਾਥੀਆਂ ਨਾਲ ਪੁਲਵਾਮਾ ਜ਼ਿਲੇ ਦੇ ਪਿੰਡ ਬੇਗਪੁਰਾ ਵਿਚ ਆਇਆ ਹੋਇਆ ਹੈ। ਇਸ 'ਤੇ ਫੌਜ, ਸੀ.ਆਰ.ਪੀ.ਐਫ. ਅਤੇ ਜੰਮੂ-ਕਸ਼ਮੀਰ ਪੁਲਸ ਦਾ ਸਾਂਝਾ ਦਸਤਾ ਬੇਗਪੁਰਾ ਪਹੁੰਚ ਗਿਆ ਅਤੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ। ਬੇਗਪੁਰਾ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ 12 ਲੱਖ ਰੁਪਏ ਦਾ ਇਨਾਮੀ ਹਿਜ਼ਬੁਲ ਮੁਜਾਹਿਦੀਨ ਦਾ ਟਾਪ ਕਮਾਂਡਰ ਰਿਆਜ਼ ਨਾਇਕੂ ਆਪਣੀ ਬੀਮਾਰ ਮਾਂ ਨਾਲ ਮਿਲਣ ਆਇਆ ਹੈ, ਜੋ ਕਾਫੀ ਸਮੇਂ ਤੋਂ ਬੀਮਾਰ ਸੀ। ਸੁਰੱਖਿਆ ਦਸਤਿਆਂ ਨੇ ਉਸ ਮਕਾਨ ਨੂੰ ਘੇਰ ਲਿਆ, ਜਿਸ ਵਿਚੋਂ ਨਾਇਕੂ ਆਪਣੇ ਸਾਥੀ ਅੱਤਵਾਦੀਆਂ ਨਾਲ ਲੁਕਿਆ ਹੋਇਆ ਸੀ।
ਸੁਰੱਖਿਆ ਦਸਤਿਆਂ ਨੇ ਉਸ ਨੂੰ ਸਰੰਡਰ ਕਰਨ ਦੀ ਚਿਤਾਵਨੀ ਦਿੱਤੀ, ਪਰ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਘੰਟਿਆਂ ਤੱਕ ਚੱਲੇ ਇਸ ਮੁਕਾਬਲੇ ਵਿਚ ਸੁਰੱਖਿਆ ਦਸਤਿਆਂ ਨੇ ਰਿਆਜ਼ ਨਾਇਕੂ ਅਤੇ ਬਾਡੀਗਾਰਡ ਦੱਸੇ ਜਾ ਰਹੇ ਉਸ ਦੇ ਸਾਥੀ ਅੱਤਵਾਦੀਆਂ ਨੂੰ ਢੇਰ ਕਰਨ ਵਿਚ ਸਫਲਤਾ ਹਾਸਲ ਕਰ ਲਈ। ਬਾਅਦ ਵਿਚ ਉਸ ਮਕਾਨ ਨੂੰ ਵੀ ਧਮਾਕੇ ਨਾਲ ਉਡਾ ਦਿੱਤਾ ਗਿਆ। ਜਿਸ ਵਿਚ ਨਾਇਕੂ ਲੁਕਿਆ ਹੋਇਆ ਸੀ, ਕਿਉਂਕਿ ਸੁਰੱਖਿਆ ਦਸਤਿਆਂ ਨੂੰ ਉਥੇ ਹੋਰ ਅੱਤਵਾਦੀ ਲੁਕੇ ਹੋਣ ਦਾ ਸ਼ੱਕ ਸੀ। ਬੁੱਧਵਾਰ ਨੂੰ ਹੀ ਇਕ ਹੋਰ ਘਟਨਾਕ੍ਰਮ ਵਿਚ ਅਵੰਤੀਪੁਰਾ ਨੇੜੇ ਸ਼ਾਰਸ਼ਾਲੀ ਵਿਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ 2 ਪਾਕਿਸਤਾਨੀ ਨਾਗਰਿਕ ਅੱਤਵਾਦੀ ਮਾਰੇ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸਥਾਨਕ ਜਨਤਾ ਵਿਚ ਅਫਵਾਹਾਂ ਫੈਲਣ ਅਤੇ ਤਣਾਅਪੂਰਨ ਵਾਤਾਵਰਣ ਪੈਦਾ ਹੋ ਜਾਣ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਣ ਦੇ ਖਦਸ਼ੇ ਦੇ ਚਲਦਿਆਂ ਕਸ਼ਮੀਰ ਘਾਟੀ ਵਿਚ ਅਹਿਤੀਆਤ ਵਜੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਠੱਪ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਖਾਸਕਰਕੇ ਪਵਿੱਤਰ ਮਹੀਨੇ ਰਮਜ਼ਾਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ਅਤੇ ਸਥਾਨਕ ਲੋਕਾਂ 'ਤੇ ਹਮਲਾ ਕਰਨ ਦੀਆਂ ਘਟਨਾਵਾਂ ਤੇਜ਼ ਕਰ ਦਿੱਤੀਆਂ ਹਨ। ਅਜਿਹੀਆਂ ਹੀ 2 ਘਟਨਾਵਾਂ ਵਿਚ ਪਿਛਲੇ ਦਿਨੀਂ ਫੌਜ ਦੀ 21 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਸੂਦ, ਨਾਇਕ ਰਾਜੇਸ਼ ਕੁਮਾਰ, ਲਾਂਸ ਨਾਇਕ ਦਿਨੇਸ਼ ਸਿੰਘ, ਜੰਮੂ-ਕਸ਼ਮੀਰ ਪੁਲਸ ਦੇ ਸਬ ਇੰਸਪੈਕਟਰ ਸਗੀਰ ਅਹਿਮਦ ਕਾਜ਼ੀ, ਕੇਂਦਰੀ ਰਿਜ਼ਰਵ ਪੁਲਸ ਦਸਤੇ ਦੇ ਜਵਾਨ ਸੰਤੋਸ਼ ਕੁਮਾਰ ਮਿਸ਼ਰਾ, ਅਸ਼ਵਨੀ ਕੁਮਾਰ ਯਾਦਵ ਅਤੇ ਚੰਦਰਸ਼ੇਖਰ ਸ਼ਹੀਦ ਹੋ ਗਏ ਸਨ। ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਸ਼ੁਰੂ ਵਿਚ ਪੱਥਰਬਾਜ਼ ਸੀ ਅਤੇ ਬਾਅਦ ਵਿਚ ਅੱਤਵਾਦੀ ਬਣ ਗਿਆ।
ਜਾਣੋਂ ਕੌਣ ਸੀ ਰਿਆਜ਼ ਨਾਇਕੂ ਅਤੇ ਕਿਵੇਂ ਬਣਿਆ ਹਿਜ਼ਬੁਲ ਕਮਾਂਡਰ
ਬੁੱਧਵਾਰ ਨੂੰ ਆਪਣੇ ਹੀ ਜੱਦੀ ਪਿੰਡ ਬੇਗਪੁਰਾ ਜ਼ਿਲਾ ਪੁਲਵਾਮਾ ਵਿਚ ਸੁਰੱਖਿਆ ਦਸਿਤਆਂ ਦੀ ਗੋਲੀ ਦਾ ਸ਼ਿਕਾਰ ਹੋਇਆ ਹਿਜਬੁਲ ਮੁਜਾਹਿਦੀਨ ਦਾ ਟਾਪ ਕਮਾਂਡਰ ਰਿਆਜ਼ ਅਹਿਮਦ ਨਾਇਕੂ ਇਕ ਸਥਾਨਕ ਸਕੂਲ ਵਿਚ ਮੈਥ ਟੀਚਰ ਸੀ ਅਤੇ ਉਸ ਨੂੰ ਪੇਂਟਿੰਗ ਦਾ ਸ਼ੌਕ ਸੀ। ਸਥਾਨਕ ਲੋਕ ਉਸ ਨੂੰ ਮਾਸਟਰ ਜੀ ਕਹਿ ਕੇ ਬੁਲਾਉਂਦੇ ਸਨ। ਤਕਰੀਬਨ 8 ਸਾਲ ਪਹਿਲਾਂ ਦਸੰਬਰ 2012 ਨੂੰ ਬੰਦੂਕ ਚੁੱਕ ਕੇ ਅੱਤਵਾਦੀ ਬਣ ਗਿਆ। ਸ਼ੁਰੂ ਵਿਚ ਉਸ ਨੇ ਅੱਤਵਾਦੀਆਂ ਦੀ ਤਕਨੀਕੀ ਮਦਦ ਕੀਤੀ। 8 ਜੂਨ 2016 ਨੂੰ ਜਦੋਂ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਖੇਤਰ ਵਿਚ ਹਿਜਬੁਲ ਮੁਜਾਹਿਦੀਨ ਦਾ ਟਾਪ ਕਮਾਂਡਰ ਅਤੇ ਕਸ਼ਮੀਰ ਘਾਟੀ ਵਿਚ ਅੱਤਵਾਦ ਦਾ ਪੋਸਟਰ ਬੁਆਏ ਬੁਰਹਾਨ ਵਾਨੀ ਸੁਰੱਖਿਆ ਦਸਤਿਆਂ ਦੇ ਹੱਥੀਂ ਮਾਰਿਆ ਗਿਆ ਤਾਂ ਕੌਮਾਂਤਰੀ ਅੱਤਵਾਦੀ ਐਲਾਨ ਹੋਏ ਹਿਜ਼ਬੁਲ ਮੁਜਾਹਿਦੀਨ ਦੇ ਚੇਅਰਮੈਨ ਸਈਅਦ ਸਲਾਹੁਦੀਨ ਨੇ ਡਿਪਟੀ ਕਮਾਂਡਰ ਜ਼ਾਕਿਰ ਮੂਸਾ ਨੂੰ ਹਿਜਬੁਲ ਦੀ ਕਮਾਨ ਸੌਂਪੀ ਸੀ।
ਦਰਅਸਲ, ਹਿਜ਼ਬੁਲ ਮੁਜਾਹਿਦੀਨ ਨੂੰ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਦਾ ਮਿਲਟਰੀ ਵਿੰਗ ਮੰਨਿਆ ਜਾਂਦਾ ਹੈ ਪਰ ਕਮਾਂਡਰ ਬਣਦੇ ਹੀ ਜ਼ਾਕਿਰ ਮੂਸਾ ਨੇ ਨੇ ਹੁਰੀਅਤ ਨੇਤਾਵਾਂ ਨੂੰ ਹੀ ਸੁਧਰ ਜਾਣ ਜਾਂ ਮੌਤ ਦੇ ਘਾਟ ਉਤਰਣ ਦੀ ਧਮਕੀ ਦਿੱਤੀ। ਹੁਣ ਸਲਾਹੁਦੀਨ ਆਪਣੇ ਆਕਾਵਾਂ ਦਾ ਇਹ ਅਪਮਾਨ ਕਿਵੇਂ ਸਹਿਣ ਕਰਦਾ, ਇਸ ਲਈ ਉਸ ਨੇ ਮੂਸਾ ਨੂੰ ਹਟਾ ਕੇ ਸਬਜ਼ਾਰ ਅਹਿਮਦ ਭੱਟ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਬਣਾ ਦਿੱਤਾ। 2017 ਵਿਚ ਸਬਜ਼ਾਰ ਭੱਟ ਵੀ ਸੁਰੱਖਿਆ ਦਸਤਿਆਂ ਦੀ ਗੋਲੀ ਦਾ ਸ਼ਿਕਾਰ ਹੋਇਆ ਤਾਂ ਰਿਆਜ਼ ਨਾਇਕੂ ਨੂੰ ਹਿਜ਼ਬੁਲ ਕਮਾਂਡਰ ਬਣਾ ਦਿੱਤਾ ਗਿਆ ਅਤੇ ਆਪਣੀ ਖਤਰਨਾਕ ਬਿਰਤੀ ਦੇ ਚੱਲਦੇ ਦੇਖਦੇ ਹੀ ਦੇਖਦੇ ਨਾਇਕੂ ਅੱਤਵਾਦੀਆਂ ਦੀ 'ਏ ਪਲੱਸ ਪਲੱਸ' ਸ਼੍ਰੇਣੀ ਵਿਚ ਸ਼ਾਮਲ ਹੋਣ ਦੇ ਨਾਲ ਹੀ 12 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਬਣ ਗਿਆ।
ਮਾਂ-ਪਿਓ ਨੇ ਕਦੇ ਸੋਚਿਆ ਨਹੀਂ ਸੀ ਕਿ ਪੁੱਤਰ ਅੱਤਵਾਦੀ ਬਣੇਗਾ- ਸਥਾਨਕ ਲੋਕਾਂ ਮੁਤਾਬਕ ਰਿਆਜ਼ ਨਾਇਕੂ ਦੀ ਮਤਾ ਜੇਬਾ ਅਤੇ ਪਿਤਾ ਅਸਦੁੱਲਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਵੱਡਾ ਹੋ ਕੇ ਅੱਤਵਾਦੀ ਬਣੇਗਾ। ਇਸ ਦਾ ਕਾਰਨ ਇਹ ਹੈ ਕਿ ਨਾਇਕੂ ਨਾ ਸਿਰਫ ਪੜ੍ਹਾਈ ਵਿਚ ਹੁਸ਼ਿਆਰ ਸੀ, ਸਗੋਂ ਘਰ ਦੇ ਕੰਮਾਂ ਵਿਚ ਵੀ ਮਾਂ-ਪਿਓ ਦਾ ਖੂਬ ਹੱਥ ਵਟਾਉਂਦਾ ਸੀ। ਰਿਆਜ਼ ਨਾਇਕੂ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਦਾ ਕੱਟੜ ਦੁਸ਼ਮਨ ਸੀ। ਉਸ ਦੇ ਆਪਣੇ ਸਾਥੀ ਅੱਤਵਾਦਈਆਂ ਦੇ ਨਾਲ ਪੁਲਸ ਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਾਰੇ ਗਏ।
ਪਾਕਿਸਤਾਨੀ ਫੌਜ ਨੇ ਸ਼ਾਹਪੁਰ ਕਸਬਾ ਸੈਕਟਰ ਵਿਚ ਵਰ੍ਹਾਏ ਗੋਲੇ
ਪੁੰਛ, 6 ਮਈ (ਧਨੁਜ)- ਕਸ਼ਮੀਰ ਵਾਦੀ ਵਿਚ ਭਾਰਤੀ ਫੌਜ ਵਲੋਂ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਰਿਆਜ਼ ਨਾਇਕੂ ਦੀ ਮੌਤ ਨਾਲ ਬੁਰੀ ਤਰ੍ਹਾਂ ਬੌਖਲਾਏ ਪਾਕਿਸਤਾਨ ਨੇ ਬੁੱਧਵਾਰ ਸ਼ਾਮ ਜੰਗ ਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤ-ਪਾਕਿ ਕੰਟਰੋਲ ਰੇਖਾ ਸਥਿਤ ਸ਼ਾਹਪੁਰ ਕਸਬਾ ਸੈਕਟਰ ਵਿਚ ਗੋਲੀਬਾਰੀ ਕੀਤੀ। ਇਹ ਸਥਾਨਕ ਪੁੰਛ ਜ਼ਿਲਾ ਹੈੱਡਕੁਆਰਟਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਜਾਣਕਾਰੀ ਮੁਤਾਬਕ ਪਾਕਿ ਫੌਜ ਨੇ ਬੁੱਧਵਾਰ ਸ਼ਾਮ ਨੂੰ 4-40 ਵਜੇ ਬਿਨਾਂ ਕਾਰਨ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਤੇ ਭਾਰਤੀ ਫੌਜ ਦੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਟੋਮੈਟਿਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਫੌਜ ਵਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿ ਫੌਜ ਨੇ ਗੋਲੀਬਾਰੀ ਨੂੰ ਤੇਜ਼ ਕਰਦੇ ਹੋਏ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਕਾਰਨ ਪੂਰੇ ਖੇਤਰ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ ਅਤੇ ਕੁਝ ਲੋਕ ਆਪਣੇ ਘਰਾਂ ਵਿਚ ਦੁਬਕ ਗਏ। ਨਿਊਜ਼ ਲਿਖੇ ਜਾਣ ਤੱਕ ਦੋਹਾਂ ਪਾਸਿਓਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਸੀ।
ਸਰਹੱਦ ਪਾਰ ਤੋਂ ਵੀ ਨਹੀਂ ਆ ਰਹੇ ਅੱਤਵਾਦੀ
ਸੂਤਰਾਂ ਮੁਤਾਬਕ ਪਾਕਿਸਤਾਨ ਹਮਾਇਤੀ ਅੱਤਵਾਦੀ ਸੰਗਠਨਾਂ ਵਲੋਂ ਸਰਹੱਦ ਪਾਰ ਮਕਬੂਜ਼ਾ ਕਸ਼ਮੀਰ ਵਿਚ ਤਕਰੀਬਨ 450 ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਕੇ ਭਾਰਤੀ ਖੇਤਰ ਵਿਚ ਘੁਸਪੈਠ ਲਈ ਤਿਆਰ ਕੀਤਾ ਗਿਆ ਹੈ, ਪਰ ਭਾਰਤੀ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਦੇ ਚੱਲਦੇ ਇਹ ਅੱਤਵਾਦੀ ਕੰਟਰੋਲ ਰੇਖਾ ਪਾਰ ਨਹੀਂ ਕਰ ਪਾ ਰਹੇ ਹਨ। ਪਾਕਿਸਤਾਨੀ ਫੌਜ ਵਲੋਂ ਉਨ੍ਹਾਂ ਦੀ ਘੁਸਪੈਠ ਕਰਵਾਉਣ ਲਈ ਲਗਾਤਾਰ ਜੰਗ ਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਰਹੀ ਹੈ।
ਅੱਤਵਾਦੀ ਸੰਗਠਨਾਂ ਨੂੰ ਨਹੀਂ ਮਿਲ ਰਹੇ ਕਮਾਂਡਰ
ਅੱਤਵਾਦ ਦੇ ਪੋਸਟਰ ਬੁਆਏ ਹਿਜ਼ਬੁਲ ਮੁਜਾਹਿਦੀਨ ਦੇ ਉਸ ਵੇਲੇ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਗੋਲੀ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਸੁਰੱਖਿਆ ਦਸਤਿਆਂ ਵਲੋਂ ਸਾਲ 2016 ਤੋਂ ਕਸ਼ਮੀਰ ਘਾਟੀ ਵਿਚ ਚਲਾਏ ਗਏ ਆਪ੍ਰੇਸ਼ਨ ਆਲਆਊਟ ਦੌਰਾਨ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਦਸਤਿਆਂ ਨੇ ਅੱਤਵਾਦੀ ਸੰਗਠਨਾਂ ਦੇ ਕਥਿਤ ਕਮਾਂਡਰਾਂ ਨੂੰ ਵਿਸ਼ੇਸ਼ ਤੌਰ 'ਤੇ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ। ਇਹੀ ਕਾਰਣ ਹੈ ਕਿ ਸਾਲ 2016 ਵਿਚ ਬਣਾਈ ਗਈ ਮੁੱਖ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਲਗਭਗ ਸਾਰੇ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ। ਇਸ ਲਈ ਘਾਟੀ ਵਿਚ ਸਰਗਰਮ ਅੱਤਵਾਦੀਆਂ ਦਾ ਮਨੋਬਲ ਡਿੱਗਾ ਹੋਇਆ ਹੈ ਅਤੇ ਅੱਤਵਾਦੀ ਸੰਗਠਨਾਂ ਨੂੰ ਕਸ਼ਮੀਰ ਵਿਚ ਕਮਾਂਡਰ ਅਤੇ ਡਿਪਟੀ ਕਮਾਂਡਰ ਬਣਾਉਣ ਵਿਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਰੀਬਨ 74 ਅੱਤਵਾਦੀ ਤਾਂ ਪਿਛਲੇ 4 ਮਹੀਨੇ ਵਿਚ ਹੀ ਮਾਰੇ ਜਾ ਚੁੱਕੇ ਹਨ।