ਵਿਆਹ ਦਾ ਦਬਾਅ ਬਣਾਉਣ ''ਤੇ ਸੋਸਾਇਟੀ ਦੇ ਗਾਰਡ ਨੇ ਔਰਤ ਦਾ ਕਤਲ ਕਰ ਝਾੜੀਆਂ ''ਚ ਸੁੱਟੀ ਲਾਸ਼
Thursday, Feb 16, 2023 - 02:09 PM (IST)
ਠਾਣੇ (ਭਾਸ਼ਾ)- ਨਵੀਂ ਮੁੰਬਈ 'ਚ ਇਕ ਰਿਹਾਇਸ਼ੀ ਸੋਸਾਇਟੀ 'ਚ ਕੰਮ ਕਰਨ ਵਾਲੇ 40 ਸਾਲਾ ਸੁਰੱਖਿਆ ਗਾਰਡ ਨੇ ਇਕ ਵਿਆਹੁਤਾ ਔਰਤ ਦਾ ਕਤਲ ਕੇ ਲਾਸ਼ ਝਾੜੀਆਂ 'ਚ ਸੁੱਟ ਦਿੱਤੀ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਦੇ ਔਰਤ ਨਾਲ ਨਾਜਾਇਜ਼ ਸੰਬੰਧ ਸਨ। ਦੋਸ਼ੀ ਰਾਜਕੁਮਾਰ ਬਾਬੂਰਾਮ ਪਾਲ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤ ਪਾਲ 'ਤੇ ਵਾਰ-ਵਾਰ ਵਿਆਹ ਲਈ ਦਬਾਅ ਬਣਾ ਰਹੀ ਸੀ, ਜਿਸ ਤੋਂ ਤੰਗ ਆ ਕੇ ਉਹ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਸੀਨੀਅਰ ਪੁਲਸ ਇੰਸਪੈਕਟਰ ਵਿਸ਼ਵਨਾਥ ਕੋਲੇਕਰ ਨੇ ਕਿਹਾ ਕਿ 12 ਫਰਵਰੀ ਨੂੰ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੀ ਉਮਰ ਕਰੀਬ 35 ਤੋਂ 40 ਸਾਲ ਵਿਚਾਲੇ ਸੀ। ਔਰਤ ਦੀ ਲਾਸ਼ ਠਾਣੇ ਜ਼ਿਲ੍ਹੇ 'ਚ ਨਵੀਂ ਮੁੰਬਈ ਸ਼ਹਿਰ ਦੇ ਕੋਪਰਖੈਰਨ ਇਲਾਕੇ 'ਚ ਇਕ ਸੋਸਾਇਟੀ ਕੋਲ ਝਾੜੀਆਂ 'ਚ ਮਿਲੀ ਸੀ।
ਉਨ੍ਹਾਂ ਕਿਹਾ ਕਿ ਔਰਤ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਸਬੂਤ ਮਿਟਾਉਣ ਲਈ ਲਾਸ਼ ਝਾੜੀਆਂ 'ਚ ਸੁੱਟ ਦਿੱਤੀ ਗਈ ਸੀ। ਕੋਪਰਖੈਰਨ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ (302 ਕਤਲ) ਅਤੇ 201 (ਅਪਰਾਧ ਦਾ ਸਬੂਤ ਮਿਟਾਉਣ) ਦੇ ਅਧੀਨ ਮਾਮਲਾ ਦਰਜ ਕੀਤਾ। ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ 'ਚ ਮਿਲੀ ਲਾਸ਼ ਅਤੇ ਮੁੰਬਈ ਨਾਲ ਲੱਗਦੇ ਟਰਾਂਬੇ ਥਾਣੇ 'ਚ ਇਕ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਮਿਲੀ ਸੂਚਨਾ ਦੇ ਮੇਲ ਖਾਣ ਤੋਂ ਬਾਅਦ ਪੁਲਸ ਨੇ ਆਪਣੀ ਜਾਂਚ ਤੇਜ਼ ਕੀਤੀ। ਪੁਲਸ ਨੇ ਲਾਪਤਾ ਔਰਤ ਦੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ। ਅਧਿਕਾਰੀ ਨੇ ਕਿਹਾ ਕਿ ਉਸ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਹ ਮੁੰਬਈ ਦੇ ਮਾਨਖੁਰਦ ਇਲਾਕੇ 'ਚ ਸਫ਼ਾਈ ਕਰਮੀ ਦਾ ਕੰਮ ਕਰਦੀ ਸੀ ਅਤੇ ਲਾਪਤਾ ਹੋ ਗਈ ਸੀ। ਪੁਲਸ ਨੂੰ ਬਾਅਦ 'ਚ ਪੀੜਤਾ ਦਾ ਮੋਬਾਇਲ ਫ਼ੋਨ ਮਿਲਿਆ ਅਤੇ ਪਤਾ ਲੱਗਾ ਕਿ ਔਰਤ ਦਾ ਸੁਰੱਖਿਆ ਗਾਰਡ ਪਾਲ ਨਾਲ ਪ੍ਰੇਮ ਸੰਬੰਧ ਸੀ। ਅਧਿਕਾਰੀ ਨੇ ਦੱਸਿਆ ਕਿ ਫੜੇ ਜਾਣ 'ਤੇ ਪਾਲ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਔਰਤ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਪੁਲਸ ਨੇ ਦੱਸਿਆ ਕਿ ਇਸ ਤੋਂ ਤੰਗ ਆ ਕੇ ਸੁਰੱਖਿਆ ਕਰਮੀ ਨੇ ਉਸ ਤੋਂ ਛੁਟਕਾਰਾ ਪਾਉਣ ਦਾ ਫ਼ੈਸਲਾ ਕੀਤਾ। ਜਿਸ ਸੋਸਾਇਟੀ 'ਚ ਉਹ ਕੰਮ ਕਰਦਾ ਸੀ, ਉਸ ਦੇ ਨੇੜੇ ਇਕ ਸਥਾਨ 'ਤੇ ਉਸ ਨੇ ਔਰਤ ਨੂੰ ਬੁਲਾਇਆ ਅਤੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।