ਸਭ ਫੜ੍ਹੇ ਜਾਣਗੇ! ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਵਾਲਿਆਂ ਦੀ ਹੁਣ ਖ਼ੈਰ ਨਹੀਂ

03/18/2021 5:37:51 PM

ਗੈਜੇਟ ਡੈਸਕ– ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਸੋਸ਼ਲ ਮੀਡੀਆ ’ਤੇ ਫਰਜ਼ੀ ਪਛਾਣ ਰਾਹੀਂ ਅਕਾਊਂਟ ਬਣਾ ਕੇ ਇਤਰਾਜ਼ਯੋਗ ਟਿੱਪਣੀ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਉਹ ਗੰਭੀਰ ਹੈ ਅਤੇ ਇਸ ’ਤੇ ਕਾਬੂ ਪਾਉਣ ਲਈ ਸੰਬੰਧਿਤ ਕੰਪਨੀਆਂ ਨੂੰ ਸਵੈਇਛੁੱਕ ਰੂਪ ਨਾਲ ਲੋਕਾਂ ਦੀ ਪਛਾਣ ਉਜਾਗਰ ਕਰਨ ਲਈ ਕਿਹਾ ਗਿਆ ਹੈ। 

ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਉੱਚ ਸਦਨ ’ਚ ਪ੍ਰਸ਼ਨਕਾਲ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ’ਚ ਇਸ ਸੰਬੰਧ ’ਚ ਵਿਵਸਥਾ ਕੀਤੀ ਗਈ ਹੈ ਅਤੇ ਇਸ ਨੂੰ ਪੂਰਾ ਕਰਨਾ ਉਨ੍ਹਾਂ ਕੰਪਨੀਆਂ ’ਤੇ ਨਿਰਭਰ ਹੈ। 

ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀ ਪਛਾਣ ਲੁਕਾ ਕੇ ਦੇਸ਼ ਨੂੰ ‘ਗਿਆਨ ਦੀਆਂ ਗੱਲਾਂ’ ਦੱਸਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਿਆਨ ਦਾ ਸਵਾਗਤ ਹੈ ਪਰ ਪਹਿਲਾਂ ਉਨ੍ਹਾਂ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲੀ ਪਛਾਣ ਕੀ ਹੈ। ਪ੍ਰਸਾਦ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਵਾਗਤ ਕਰਦੇ ਹਾਂ ਪਰ ਉਪਭੋਗਤਾਵਾਂ ਨੂੰ ਆਪਣੀ ਅਸਲ ਪਛਾਣ ਵੀ ਦੱਸਣੀ ਹੋਵੇਗੀ। 

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਸੰਬੰਧ ’ਚ ਪਿਛਲੇ ਦਿਨੀਂ ਜਲਵਾਯੁ ਵਰਕਰ ਦਿਸ਼ਾ ਰਵੀ ਸਮੇਤ ਹੋਰ ਲੋਕਾਂ ਖ਼ਿਲਾਫ਼ ਕਾਰਵਾਈ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ ਅਤੇ ਪੁਲਸ ਨੇ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਦੇ ਨਵੇਂ ਦਿਸ਼ਾ ਨਿਰਦੇਸ ਜਾਰੀ ਕੀਤੇ ਹਨ ਜਿਨ੍ਹਾਂ ’ਚ ਆਨਲਾਈਨ ਸਾਮੱਗਰੀ ਦੇ ਸੰਬੰਧ ’ਚ ਨਵੇਂ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ। 

ਪ੍ਰਸਾਦ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ ’ਚ ਸ਼ਿਕਾਇਤ ਅਧਿਕਾਰੀ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ’ਚ ਜਨਾਨੀਆਂ ਦੇ ਸਨਮਾਨ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ ਅਤੇ ਇਤਰਾਜ਼ਯੋਗ ਸਾਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਲਈ ਕਿਹਾ ਗਿਆ ਹੈ। 


Rakesh

Content Editor

Related News