ਹਿਮਾਚਲ ਪ੍ਰਦੇਸ਼: ਲਾਹੌਲ-ਸਪੀਤੀ ''ਚ ਬਰਫ਼ਬਾਰੀ, ਅਟਲ ਸੁਰੰਗ ''ਚ ਫਸੇ 500 ਸੈਲਾਨੀਆਂ ਨੂੰ ਕੱਢਿਆ ਗਿਆ
Tuesday, May 09, 2023 - 11:13 AM (IST)
ਸ਼ਿਮਲਾ- ਮਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਪਹਾੜੀ ਸੂਬਿਆਂ 'ਚ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਵੀ ਕਈ ਖੇਤਰਾਂ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਨਾਲ ਅਟਲ ਸੁਰੰਗ ਰੋਹਤਾਂਗ ਨੇੜੇ 500 ਵਾਹਨ ਬਰਫ਼ 'ਚ ਫਸ ਗਏ। ਇਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਵਾਹਨ ਸਨ। ਹਾਲਾਂਕਿ ਅਟਲ ਸੁਰੰਗ ਵਿਚਾਲੇ ਫਸੇ 500 ਵਾਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਦਰਅਸਲ ਭਾਰੀ ਬਰਫ਼ਬਾਰੀ ਮਗਰੋਂ ਸੋਮਵਾਰ ਨੂੰ ਸੜਕ 'ਤੇ ਵਾਹਨ ਫਿਸਲਣ ਲੱਗੇ। ਕੁੱਲੂ ਜ਼ਿਲ੍ਹਾ ਪੁਲਸ ਨੇ ਸੋਮਵਾਰ ਰਾਤ ਬਚਾਅ ਮੁਹਿੰਮ ਦੀ ਨਿਗਰਾਨੀ ਕੀਤੀ ਕਿਉਂਕਿ ਤਾਪਮਾਨ 'ਚ ਕਾਫੀ ਗਿਰਾਵਟ ਆਈ ਸੀ।
ਸੋਮਵਾਰ ਰਾਤ ਨੂੰ ਬਚਾਅ ਕਾਰਜ ਦੀ ਨਿਗਰਾਨੀ ਕਰਨ ਵਾਲੇ ਡਿਪਟੀ ਸੁਪਰਡੈਂਟ ਆਫ ਪੁਲਸ ਕੇ. ਡੀ ਸ਼ਰਮਾ ਨੇ ਕਿਹਾ ਕਿ ਯਾਤਰੀਆਂ ਨੂੰ ਬ੍ਰੇਕ ਨਾ ਲਗਾਉਣ ਦੀ ਸਲਾਹ ਦਿੱਤੀ ਗਈ ਸੀ ਅਤੇ ਫਿਸਲਣ ਤੋਂ ਬਚਣ ਲਈ ਪਹਿਲੇ ਗੀਅਰ ਵਿਚ ਮੱਠੀ ਰਫਤਾਰ ਨਾਲ ਅੱਗੇ ਵਧਣ ਲਈ ਕਿਹਾ ਗਿਆ ਸੀ। ਲਾਹੌਲ ਅਤੇ ਸਪੀਤੀ ਪੁਲਸ ਨੇ ਸੋਮਵਾਰ ਸ਼ਾਮ ਨੂੰ ਦਿੱਲੀ ਦੇ 5 ਸੈਲਾਨੀਆਂ ਨੂੰ ਬਚਾਇਆ ਜਿਨ੍ਹਾਂ ਦੀ SUV ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਕਾਜ਼ਾ ਨੇੜੇ ਫਸ ਗਈ ਸੀ। ਪੁਲਸ ਨੇ ਟੈਕਸੀ ਯੂਨੀਅਨ ਕਾਜ਼ਾ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਬਚਾਇਆ ਅਤੇ ਇਨ੍ਹਾਂ ਦੇ ਠਹਿਰਣ ਦੀ ਵਿਵਸਥਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸੈਲਾਨੀਆਂ ਨੇ 112 ਹੈਲਪਲਾਈਨ 'ਤੇ ਫੋਨ ਕੀਤਾ ਅਤੇ ਮਦਦ ਮੰਗੀ ਸੀ। ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਮਗਰੋਂ ਦੋ ਨੈਸ਼ਨਲ ਹਾਈਵੇਅਜ਼ ਸਮੇਤ ਕੁੱਲ 14 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ ਬੰਦ ਕੀਤੀਆਂ 14 ਸੜਕਾਂ ਵਿਚੋਂ 6 ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿਚ ਹਨ, ਚਾਰ ਕੁੱਲੂ ਵਿਚ ਅਤੇ ਬਾਕੀ ਸੂਬੇ ਦੇ ਹੋਰ ਹਿੱਸਿਆਂ ਵਿਚ ਹਨ। ਮੌਸਮ ਵਿਭਾਗ ਮੁਤਾਬਕ ਗੋਂਡਲਾ ਅਤੇ ਕੇਲੌਂਗ ਵਿਚ ਕ੍ਰਮਵਾਰ 9.2 ਅਤੇ 4 ਸੈਂਟੀਮੀਟਰ ਬਰਫਬਾਰੀ ਹੋਈ। ਲਾਹੌਲ-ਸਪੀਤੀ ਸਮੇਤ ਕੁਝ ਹੋਰ ਥਾਵਾਂ 'ਤੇ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰੀ ਹੋਈ, ਜਿਸ ਕਾਰਨ ਸੜਕਾਂ 'ਤੇ ਫਿਸਲਣ ਵੱਧ ਗਈ।