ਰੋਹਤਾਂਗ ਸਮੇਤ ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫ਼ਬਾਰੀ, ਅਟਲ ਟਨਲ ’ਚ ਬਰਫ਼ੀਲਾ ਤੂਫ਼ਾਨ
Friday, Dec 17, 2021 - 12:58 PM (IST)
ਮਨਾਲੀ- ਮੌਸਮ ਦੇ ਕਰਵਟ ਬਦਲਦੇ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਰਹਿਣ ਵਾਲੇ ਰੋਹਤਾਂਗ ਦੱਰੇ ਸਮੇਤ ਉੱਚੀਆਂ ਚੋਟੀਆਂ ’ਚ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐੱਸ. ਡੀ. ਐੱਮ. ਮਨਾਲੀ ਡਾ. ਸੁਰਿੰਦਰ ਕੁਮਾਰ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਚਾਈ ਵਾਲੇ ਖੇਤਰਾਂ ਦਾ ਰੁਖ਼ ਨਾ ਕਰਨ। ਉਥੇ ਹੀ ਅਗਲੇ 5 ਦਿਨਾਂ ’ਚ ਦੇਸ਼ ਦੇ ਕਈ ਹਿੱਸੇ ਸੀਤਲਹਿਰ ਦੀ ਲਪੇਟ ’ਚ ਆ ਸਕਦੇ ਹਨ। ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ ਭਾਰਤ, ਸੌਰਾਸ਼ਟਰ ਅਤੇ ਕੱਛ ’ਚ ਕੜਾਕੇ ਦੀ ਠੰਡ ਪੈਣ ਦਾ ਅੰਦਾਜਾ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਵਿਭਾਗ ਨੇ ਕਿਹਾ ਕਿ ਦੇਸ਼ ਦੇ ਕੁੱਝ ਹਿੱਸਿਆਂ ’ਚ ਤਾਪਮਾਨ ਡਿਗਣਾ ਤੈਅ ਹੈ। ਪਹਾੜਾਂ ’ਤੇ ਬਰਫ਼ਬਾਰੀ ਨਾਲ ਮੈਦਾਨਾਂ ’ਚ ਠੰਡ ਹੋਰ ਵਧ ਜਾਵੇਗੀ। 17 ਤੋਂ 21 ਦਸੰਬਰ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਸੌਰਾਸ਼ਟਰ ਅਤੇ ਕੱਛ ’ਚ ਸੀਤਲਹਿਰ ਦੇ ਹਾਲਾਤ ਬਣ ਸਕਦੇ ਹਨ। 18 ਤੋਂ 21 ਦਸੰਬਰ ਤੱਕ ਉੱਤਰੀ ਰਾਜਸਥਾਨ ’ਚ ਅਤੇ 19 ਤੋਂ 21 ਦਸੰਬਰ ਤੱਕ ਪੱਛਮੀ ਉੱਤਰ ਪ੍ਰਦੇਸ਼ ’ਚ ਇਹੀ ਸਥਿਤੀ ਰਹੇਗੀ। ਅਗਲੇ 4 ਤੋਂ 5 ਦਿਨਾਂ ਦੌਰਾਨ ਉੱਤਰ-ਪੱਛਮ ਅਤੇ ਮੱਧ ਭਾਰਤ ਤੋਂ ਇਲਾਵਾ ਗੁਜਰਾਤ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ 2-4 ਡਿਗਰੀ ਸੈਲਸੀਅਸ ਡਿੱਗ ਸਕਦਾ ਹੈ।
ਇਹ ਵੀ ਪੜ੍ਹੋ : ਇਕ ਹਜ਼ਾਰ ਤੋਂ ਵੱਧ ਬੀਬੀਆਂ ਨੇ ਪਾਸ ਕੀਤੀ NDA ਦੀ ਪ੍ਰੀਖਿਆ
ਪੂਰਬੀ ਭਾਰਤ ਅਤੇ ਮਹਾਰਾਸ਼ਟਰ ’ਚ ਇਹ ਗਿਰਾਵਟ 2 ਤੋਂ 3 ਡਿਗਰੀ ਦੀ ਰਹੇਗੀ। ਅਗਲੇ 2 ਦਿਨ ਪੰਜਾਬ ਅਤੇ ਹਰਿਆਣਾ ’ਚ ਸਵੇਰੇ ਸੰਘਣੇ ਜਾਂ ਬਹੁਤ ਸੰਘਣੇ ਕੋਹਰੇ ਦਾ ਅੰਦਾਜਾ ਪ੍ਰਗਟਾਇਆ ਗਿਆ ਹੈ। ਉੱਤਰ- ਪੱਛਮੀ ਰਾਜਸਥਾਨ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ’ਚ ਵੀ 17 ਦਸੰਬਰ ਨੂੰ ਬਹੁਤ ਸੰਘਣੇ ਕੋਹਰੇ ਦੇ ਹਾਲਾਤ ਬਣਨਗੇ। ਦਿੱਲੀ ’ਚ ਵੀਰਵਾਰ ਸਵੇਰੇ ਘੱਟੋ-ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਹਲਕੀ ਬੱਦਲਵਾਈ ਅਤੇ ਮੀਂਹ ਦਾ ਵੀ ਅੰਦਾਜਾ ਪ੍ਰਗਟਾਇਆ ਹੈ। ਇਸ ਤੋਂ ਅਗਲੇ 2-3 ਦਿਨਾਂ ’ਚ ਪਾਰਾ ਕੁੱਝ ਡਿਗਰੀ ਹੇਠਾਂ ਆਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ