ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੀ ਸਮ੍ਰਿਤੀ ਈਰਾਨੀ ਨੇ ਕੀਤੀ ਆਲੋਚਨਾ, ‘ਆਪ’ ਦਾ ਪਲਟਵਾਰ

02/05/2022 10:32:37 AM

ਨਵੀਂ ਦਿੱਲੀ– ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬੇਹੱਦ ਹੀ ਹੈਰਾਨੀਜਨਕ ਹੈ ਕਿ ਦਿੱਲੀ ’ਚ ਸਕੂਲਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ।

ਭਾਜਪਾ ਦੀ ਦਿੱਲੀ ਇਕਾਈ ਵੱਲੋਂ ਆਯੋਜਿਤ ਇਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਈਰਾਨੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ, ‘ਜਿਸ ਨੇਤਾ ਨੇ ਸਵਰਾਜ ਦੀ ਗੱਲ ਕੀਤੀ ਅਤੇ ਆਪਣੀ ਕਿਤਾਬ ’ਚ ਸ਼ਰਾਬ ਦੀਆਂ ਦੁਕਾਨਾਂ ਦੇ ਖਿਲਾਫ ਧਰਨਾ ਦੇਣ ਅਤੇ ਉਨ੍ਹਾਂ ਨੂੰ ਬੰਦ ਕਰਨ ਦੀ ਗੱਲ ਕੀਤੀ, ਉਹ ਹੁਣ ਦਿੱਲੀ ਦੇ ਹਰ ਵਾਰਡ ’ਚ ਸ਼ਰਾਬ ਦੀ ਦੁਕਾਨ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ।’

ਈਰਾਨੀ ’ਤੇ ਪਲਟਵਾਰ ਕਰਦੇ ਹੋਏ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਅਤੇ ਸ਼ਰਾਬ ਮਾਫੀਆ ਵਿਚਾਲੇ ਇਕ ‘ਮਿਲੀਭਗਤ’ ਸੀ, ਜਿਸ ਦੇ ਜਰੀਏ ਉਹ 3,500 ਕਰੋਡ਼ ਰੁਪਏ ਕਮਾਉਂਦੀ ਸੀ। ਆਮ ਆਦਮੀ ਪਾਰਟੀ ਨੇ ਇਕ ਬਿਆਨ ’ਚ ਕਿਹਾ, ‘ਨਵੀਂ ਆਬਕਾਰੀ ਨੀਤੀ ਨਾਲ ਸ਼ਰਾਬ ਮਾਫੀਆ ਦੀ ਕਮਰ ਟੁੱਟ ਗਈ ਹੈ ਅਤੇ ਭਾਜਪਾ ਦੀ ਨਾਜਾਇਜ਼ ਕਮਾਈ ਬੰਦ ਹੋ ਗਈ ਹੈ। ਇਸ ਤੋਂ ਬੌਖਲਾ ਕੇ ਭਾਜਪਾ ਨੇਤਾ ਝੂਠ ਫੈਲਾ ਰਹੇ ਹਨ ਅਤੇ ਬੇਬੁਨਿਆਦ ਦੋਸ਼ ਲਾ ਰਹੇ ਹਨ।’


Rakesh

Content Editor

Related News