ਸਮਾਰਟਫੋਨ ਚਾਰਜਿੰਗ ''ਤੇ ਲਗਾ ਕੇ ਸੌਣਾ ਪਿਆ ਮਹਿੰਗਾ, 2 ਲੋਕਾਂ ਦੀ ਮੌਤ
Wednesday, Jul 04, 2018 - 11:53 AM (IST)

ਜਲੰਧਰ— ਮੋਬਾਇਲ ਨਾਲ ਜੁੜਿਆ ਇਕ ਹੋਰ ਹਾਦਸਾ ਸਾਹਮਣੇ ਆਇਆ ਹੈ। ਚੇਨਈ 'ਚ ਇਕ ਸਮਾਰਟਫੋਨ ਚਾਰਜਰ 'ਚ ਧਮਾਕਾ ਹੋਣ ਕਾਰਨ 90 ਸਾਲ ਦੇ ਇਕ ਬਜ਼ੁਰਗ ਅਤੇ ਉਸ ਦੀ 60 ਸਾਲ ਦੀ ਬੇਟੀ ਦੀ ਮੌਤ ਹੋ ਗਈ। ਇਹ ਘਟਨਾ ਚੇਨਈ ਦੇ ਤਾਮਬਰਮ ਪੁਲਸ ਥਾਣਾ ਖੇਤਰ ਅਧੀਨ ਹੋਈ। ਗੈਜੇਟ ਨਾਓ ਦੀ ਰਿਪੋਰਟ ਮੁਤਾਬਕ ਹਬੀਬ ਮੁਹੰਮਦ (90 ਸਾਲ) ਅਤੇ ਉਨ੍ਹਾਂ ਦੀ ਬੇਟੀ ਮਹਰੂਮਿਸ਼ਾ (60 ਸਾਲ) ਨੇ ਸਥਾਨਕ ਬਾਜ਼ਾਰ 'ਚੋਂ ਇਕ ਪੁਰਾਣਾ ਚਾਰਜਰ ਖਰੀਦਿਆ ਸੀ। ਹਾਦਸੇ 'ਚ ਮਾਰੇ ਗਏ ਦੋਵੇਂ ਪੀੜਤ ਫੱਲ ਵਿਕਰੇਤਾ ਸਨ ਅਤੇ ਖਬਰਾਂ ਮੁਤਾਬਕ ਦੋਵੇਂ ਵਾਲ ਸਾਕਿਟ 'ਚ ਫੋਨ ਨੂੰ ਚਾਰਜਿੰਗ 'ਤੇ ਲਗਾ ਕੇ ਸੌਣ ਚਲੇ ਗਏ ਸਨ।
ਧਮਾਕੇ ਤੋਂ ਬਾਅਦ ਜਿਵੇਂ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੋਵਾਂ ਪੀੜਤਾਂ ਨੂੰ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਜਿਥੇ 90 ਸਾਲਾ ਹਬੀਬ ਦੀ ਸਵੇਰੇ ਮੌਤ ਹੋ ਗਈ, ਉਥੇ ਹੀ ਉਸ ਦੇ ਬੇਟੀ ਨੇ ਮੌਤ ਤੋਂ ਪਹਿਲਾਂ ਪੁਲਸ ਨੂੰ ਇਸ ਘਟਨਾ ਬਾਰੇ ਆਪਣਾ ਬਿਆਨ ਦੇ ਦਿੱਤਾ ਸੀ। ਤਾਮਬਰਮ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਲੋਕਾਂ ਨੂੰ ਚਿਤਾਵਨੀ ਦੇਣ ਲਈ ਅਲੱਗ ਤੋਂ ਇਕ ਬਿਆਨ ਜਾਰੀ ਕਰਦੇ ਹੋਏ ਸਮਾਰਟਫੋਨ ਨੂੰ ਓਵਰਚਾਰਜ ਕਰਨ ਨਾਲ ਜੁੜੇ ਖਤਰਿਆਂ ਬਾਰੇ ਜਾਗਰੂਕ ਕੀਤਾ ਹੈ।