ਬਹੁ ਮੰਜ਼ਿਲਾ ਇਮਾਰਤ ''ਚ ਲੱਗੀ ਭਿਆਨਕ ਅੱਗ, ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ

Friday, Mar 17, 2023 - 02:34 PM (IST)

ਬਹੁ ਮੰਜ਼ਿਲਾ ਇਮਾਰਤ ''ਚ ਲੱਗੀ ਭਿਆਨਕ ਅੱਗ, ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ

ਹੈਦਰਾਬਾਦ (ਭਾਸ਼ਾ)- ਹੈਦਰਾਬਾਦ ਦੇ ਸਿਕੰਦਰਾਬਾਦ 'ਚ ਇਕ ਬਹੁ ਮੰਜ਼ਿਲਾ ਵਪਾਰਕ ਕੰਪਲੈਕਸ 'ਚ ਅੱਗ ਲੱਗਣ ਤੋਂ ਬਾਅਦ ਦਮ ਘੁੱਟਣ ਨਾਲ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 'ਸਵਪਨਲੋਕ ਕੰਪਲੈਕਸ' ਦੇ 5ਵੀਂ ਮੰਜ਼ਿਲ 'ਤੇ ਵੀਰਵਾਰ ਨੂੰ ਫਾਇਰ ਬ੍ਰਿਗੇਡ ਕਰਮੀਂ ਨੂੰ 6 ਲੋਕ ਬੇਹੋਸ਼ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਕ ਡਾਕਟਰ ਨੇ ਦੱਸਿਆ ਕਿ ਹਸਪਤਾਲ ਲਿਆਏ ਜਾਣ ਤੋਂ ਪਹਿਲਾਂ ਹੀ ਇਨ੍ਹਾਂ 6 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ, ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ ਪਰ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਦੀ ਜਾਨ ਦਮ ਘੁੱਟਣ ਨਾਲ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਹਾਦਸੇ 'ਚ ਹੋਈਆਂ ਮੌਤਾਂ 'ਤੇ ਦੁਖ਼ ਜ਼ਾਹਰ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ।

PunjabKesari

ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਇਕ ਮਾਰਕਟਿੰਗ ਕੰਪਨੀ 'ਚ ਤਾਇਨਾਤ ਸੀ, ਜਿਸ ਦਾ ਦਫ਼ਤਰ ਕੰਪਲੈਕਸ 'ਚ ਹੀ ਸਥਿਤ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕ 25 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਹਾਲ ਹੀ 'ਚ ਕੰਪਨੀ 'ਚ ਨਿਯੁਕਤ ਹੋਏ ਸਨ। ਇਕ ਚਸ਼ਮਦੀਦ ਅਨੁਸਾਰ, ਕੰਪਲੈਕਸ 'ਚ ਅੱਗ ਵੀਰਵਾਰ ਸ਼ਾਮ 7.30 ਵਜੇ ਦੇ ਨੇੜੇ-ਤੇੜੇ ਲੱਗੀ। ਇਸ ਕੰਪਲੈਕਸ 'ਚ ਕਈ ਨਿੱਜੀ ਕੰਪਨੀਆਂ ਦੇ ਦਫ਼ਤਰ ਅਤੇ ਕੱਪੜਿਆਂ ਤੇ ਇਲੈਕਟ੍ਰਾਨਿਕ ਵਸਤੂਆਂ ਦੀਆਂ ਦੁਕਾਨਾਂ ਹਨ। ਅਧਿਕਾਰੀਆਂ ਅਨੁਸਾਰ, ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ। 8 ਮੰਜ਼ਿਲਾਂ ਇਮਾਰਤ ਦੀ ਇਕ ਮੰਜ਼ਿਲ ਤੋਂ ਵੱਡੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਪੂਰੇ ਕੰਪਲੈਕਸ 'ਚ ਧੂੰਆਂ ਭਰਿਆ ਨਜ਼ਰ ਆ ਰਿਹਾ ਸੀ। ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਅੱਧੀ ਰਾਤ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਅੱਗ ਇਮਾਰਤ ਦੀ 5ਵੀਂ ਮੰਜ਼ਿਲ 'ਚ ਲੱਗਣ ਦਾ ਖ਼ਦਸ਼ਾ ਹੈ ਅਤੇ ਸ਼ੁਰੂਆਤੀ ਜਾਂਚ 'ਚ ਇਸ ਲਈ ਸ਼ਾਰਟ ਸਰਕਿਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

PunjabKesari

 


author

DIsha

Content Editor

Related News