ਆਸਾਮ ’ਚ ਬੰਗਲਾਦੇਸ਼ ਦੇ 6 ਘੁਸਪੈਠੀਏ ਫੜ ਕੇ ਵਾਪਸ ਭੇਜੇ : ਮੁੱਖ ਮੰਤਰੀ
Monday, Dec 23, 2024 - 07:31 PM (IST)
ਗੁਹਾਟੀ (ਏਜੰਸੀ)- ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ 6 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸੂਬੇ ਦੀ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਖੇਤਰ ਅੰਦਰ ਦਾਖਲ ਹੋਣ ਦੇ ਦੋਸ਼ ਹੇਠ ਕਾਬੂ ਕਰ ਕੇ ਗੁਆਂਢੀ ਦੇਸ਼ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਆਸਾਮ ’ਚ ਗੈਰ-ਕਾਨੂੰਨੀ ਘੁਸਪੈਠੀਆਂ ਲਈ ਕੋਈ ਥਾਂ ਨਹੀਂ। ਆਸਾਮ ਪੁਲਸ ਨੇ ਘੁਸਪੈਠ ਦੀਆਂ ਕੋਸ਼ਿਸ਼ਾਂ ’ਤੇ ਸਖ਼ਤ ਨਜ਼ਰ ਰੱਖਦੇ ਹੋਏ 6 ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜ ਕੇ ਬੰਗਲਾਦੇਸ਼ ਭੇਜ ਦਿੱਤਾ ਹੈ।
ਫੜੇ ਗਏ ਬੰਗਲਾਦੇਸ਼ੀਆਂ ਦੀ ਪਛਾਣ ਮੁਸਤਫਿਜ਼ੁਰ ਰਹਿਮਾਨ, ਕਾਬੋ ਕਰੂਜ਼, ਮੁਹੰਮਦ ਲੈਲਿਨ ਮੀਆਂ, ਸਿਰਾਜੁਲ ਇਸਲਾਮ, ਸੈਫੁਲ ਇਸਲਾਮ ਤੇ ਮੁਖਤਾਰ ਹੁਸੈਨ ਵਜੋਂ ਹੋਈ ਹੈ। ਅਗਸਤ ’ਚ ਬੰਗਲਾਦੇਸ਼ ਵਿਚ ਅਸ਼ਾਂਤੀ ਫੈਲਣ ਤੋਂ ਬਾਅਦ 170 ਤੋਂ ਵੱਧ ਵਿਅਕਤੀਆਂ ਨੂੰ ਆਸਾਮ ’ਚ ਘੁਸਪੈਠ ਕਰਦੇ ਫੜਿਆ ਗਿਆ ਤੇ ਵਾਪਸ ਬੰਗਲਾਦੇਸ਼ ਭੇਜ ਦਿੱਤਾ ਗਿਆ।