ਭੈਣ ਨੇ ਭਰਾ ਨੂੰ ਲਿਖ ਦਿੱਤਾ 434 ਮੀਟਰ ਲੰਬਾ ਅਤੇ 5 ਕਿਲੋ ਭਾਰੀ ਪੱਤਰ, ਜਾਣੋ ਵਜ੍ਹਾ
Wednesday, Jun 29, 2022 - 02:25 PM (IST)
ਕੇਰਲ (ਭਾਸ਼ਾ)- ਕੇਰਲ ਦੀ ਇਕ ਭੈਣ ਨੇ ਆਪਣੇ ਭਰਾ ਲਈ 5 ਕਿਲੋ ਭਾਰੀ ਅਤੇ 434 ਮੀਟਰ ਲੰਬਾ ਪੱਤਰ ਲਿਖਿਆ ਹੈ। ਦਰਅਸਲ ਕੇਰਲ ਦੇ ਇਡੁਕੀ ਜ਼ਿਲ੍ਹੇ ਦੇ ਪੀਰਮਾਡੇ ਦੀ ਇਕ ਮਹਿਲਾ ਇੰਜੀਨੀਅਰ ਕ੍ਰਿਸ਼ਨਾਪ੍ਰਿਆ ਆਪਣੇ ਭਰਾ ਨੂੰ ਬ੍ਰਦਰਜ਼ ਡੇਅ ਵਿਸ਼ ਕਰਨਾ ਭੁੱਲ ਗਈ ਸੀ। ਜਿਸ ਕਾਰਨ ਉਸ ਦਾ ਭਰਾ ਨਾਰਾਜ਼ ਹੋ ਗਿਆ। ਆਪਣੇ ਭਰਾ ਨੂੰ ਮਨਾਉਣ ਲਈ ਉਸ ਨੇ 434 ਮੀਟਰ ਲੰਬਾ ਇਕ ਪੱਤਰ ਲਿਖਿਆ। ਕ੍ਰਿਸ਼ਨਾਪ੍ਰਿਆ ਹੁਣ ਇਸ ਨੂੰ ਗਿਨੀਜ਼ ਵਰਲਡ ਰਿਕਾਰਡਜ਼ 'ਚ ਵੀ ਦਰਜ ਕਰਵਾਉਣਾ ਚਾਹੁੰਦੀ ਹੈ। ਕ੍ਰਿਸ਼ਨਾਪ੍ਰਿਆ ਆਪਣੀ ਨੌਕਰੀ ਕਾਰਨ ਛੋਟੇ ਭਰਾ ਨੂੰ ਸਮਾਂ ਨਹੀਂ ਦੇ ਪਾਉਂਦੀ ਸੀ। ਇਸੇ ਕਾਰਨ ਉਹ ਭਰਾ ਨੂੰ ਬ੍ਰਦਰਜ਼ ਡੇਅ ਦੀ ਵਧਾਈ ਦੇਣਾ ਭੁੱਲ ਗਈ। ਇਸ ਤੋਂ ਬਾਅਦ ਉਸ ਦਾ ਭਰਾ ਕ੍ਰਿਸ਼ਨਪ੍ਰਸਾਦ ਨਾਰਾਜ਼ ਹੋ ਗਿਆ। ਉਸ ਨੇ ਕ੍ਰਿਸ਼ਨਾਪ੍ਰਿਆ ਨੂੰ ਵਟਸਐੱਪ ਤੋਂ ਬਲਾਕ ਕਰ ਦਿੱਤਾ ਅਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ : ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ
ਭਰਾ ਦੀ ਨਾਰਾਜ਼ਗੀ ਦੂਰ ਕਰਨ ਲਈ ਕ੍ਰਿਸ਼ਨਾਪ੍ਰਿਆ ਨੇ ਕੁਝ ਵੱਖਰਾ ਕਰਨ ਦੀ ਸੋਚੀ। ਉਸ ਨੇ ਇਕ ਪੱਤਰ ਲਿਖ ਕੇ ਆਪਣੀ ਗਲਤੀ ਦੀ ਭਰਪਾਈ ਕਰਨ ਬਾਰੇ ਸੋਚਿਆ। ਕ੍ਰਿਸ਼ਨਾਪ੍ਰਿਆ ਨੇ ਬਿਲਿੰਗ ਪੇਪਰ ਦੇ 15 ਰੋਲ ਖਰੀਦੇ ਅਤੇ ਉਨ੍ਹਾਂ 'ਚੋਂ ਹਰੇਕ 'ਤੇ ਲਿਖਿਆ। ਪੱਤਰ ਨੂੰ 12 ਘੰਟਿਆਂ 'ਚ ਪੂਰਾ ਕੀਤਾ ਗਿਆ ਅਤੇ ਫਿਰ 5.27 ਕਿਲੋਗ੍ਰਾਮ ਭਾਰ ਵਾਲੇ ਬਾਕਸ ਦੇ ਨਾਲ ਗੂੰਦ ਅਤੇ ਸੈਲੋ ਟੇਪ ਦੀ ਵਰਤੋਂ ਕਰ ਕੇ ਇਕ ਬਾਕਸ 'ਚ ਪੈਕ ਕੀਤਾ ਗਿਆ। ਪੱਤਰ ਦੀ ਕੁੱਲ ਲੰਬਾਈ 434 ਮੀਟਰ ਸੀ। ਭਰਾ ਕ੍ਰਿਸ਼ਨਪ੍ਰਸਾਦ ਨੂੰ ਜਦੋਂ ਲੈਟਰ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ। ਕ੍ਰਿਸ਼ਨਾਪ੍ਰਿਆ ਨੇ ਇਸ ਪੱਤਰ ਨੂੰ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾਉਣ ਦੀ ਸੂਚਨਾ ਭੇਜ ਦਿੱਤੀ ਹੈ। ਉਨ੍ਹਾਂ ਨੇ ਹੁਣ ਤੱਕ ਦੇ ਸਭ ਤੋਂ ਲੰਬੇ ਪੱਤਰ ਨੂੰ ਰਿਕਾਰਡ 'ਚ ਦਰਜ ਕਰਨ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ