ਮੁਸਲਿਮ ਔਰਤ ਨੇ ਸੁਸ਼ਮਾ ਸਵਰਾਜ ਨੂੰ ਲਾਈ ਗੁਹਾਰ- 'ਮੇਰੀ ਭੈਣ ਨੂੰ ਬਚਾ ਲਓ'

Wednesday, May 15, 2019 - 11:46 AM (IST)

ਮੁਸਲਿਮ ਔਰਤ ਨੇ ਸੁਸ਼ਮਾ ਸਵਰਾਜ ਨੂੰ ਲਾਈ ਗੁਹਾਰ- 'ਮੇਰੀ ਭੈਣ ਨੂੰ ਬਚਾ ਲਓ'

ਹੈਦਰਾਬਾਦ— ਹੈਦਰਾਬਾਦ ਦੀ ਇਕ ਮੁਸਲਿਮ ਔਰਤ ਰਹਿਮਤ ਬੇਗਮ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਆਪਣੀ ਭੈਣ ਨੂੰ ਵਤਨ ਵਾਪਸ ਲਿਆਉਣ ਲਈ ਗੁਹਾਰ ਲਾਈ ਹੈ। ਰਹਿਮਤ ਬੇਗਮ ਦਾ ਕਹਿਣਾ ਹੈ ਕਿ ਉਸ ਦੀ ਭੈਣ ਘੌਸੀਆ ਬੇਗਮ ਨੂੰ ਇਸੇ ਸਾਲ ਮਾਰਚ ਮਹੀਨੇ ਵਿਚ ਸਾਊਦੀ ਅਰਬ ਦੇ ਰਿਆਦ ਵਿਚ ਨੌਕਰੀ ਦੇ ਬਹਾਨੇ ਲਿਜਾਇਆ ਗਿਆ ਸੀ। ਉੱਥੇ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਵਾਪਸ ਵਤਨ ਨਹੀਂ ਪਰਤਣ ਦਿੱਤਾ ਜਾ ਰਿਹਾ ਹੈ। 

PunjabKesari



ਰਹਿਮਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸੇ ਸਾਲ ਇਕ ਮਹਿਲਾ ਅਤੇ 3 ਏਜੰਟਾਂ ਨੇ ਮਿਲ ਕੇ ਮੇਰੀ ਭੈਣ ਘੌਸੀਆ ਬੇਗਮ ਨਾਲ ਸੰਪਰਕ ਕੀਤਾ ਅਤੇ ਰਿਆਦ ਵਿਚ ਉਸ ਨੂੰ ਚੰਗੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਉਸ ਮਹਿਲਾ ਏਜੰਟ ਨੇ ਦੱਸਿਆ ਕਿ ਉੱਥੇ ਉਸ ਨੂੰ ਸਿਰਫ 2 ਤੋਂ 4 ਘੰਟੇ ਹੀ ਕੰਮ ਕਰਨਾ ਪਵੇਗਾ ਅਤੇ ਚੰਗੀ ਤਨਖਾਹ ਦਿੱਤੀ ਜਾਵੇਗੀ ਪਰ ਹੁਣ ਮੇਰੀ ਭੈਣ ਤੋਂ ਉੱਥੇ 15 ਤੋਂ 20 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ। ਨਾ ਹੀ ਮੇਰੀ ਭੈਣ ਨੂੰ ਖਾਣ ਲਈ ਖਾਣਾ ਦਿੱਤਾ ਜਾ ਰਿਹਾ ਹੈ। ਉਸ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਉਸ ਨੂੰ ਬਚਾ ਲਓ। ਮੈਂ ਸੁਸ਼ਮਾ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਉਨ੍ਹਾਂ ਦੀ ਮਦਦ ਕਰਨ। 

ਰਹਿਮਤ ਮੁਤਾਬਕ ਉਸ ਦੀ ਭੈਣ 14 ਮਾਰਚ 2019 ਨੂੰ ਭਾਰਤ ਤੋਂ ਰਿਆਦ ਗਈ ਸੀ। ਉਸ ਦੇ ਮਾਲਕਾਂ ਵਲੋਂ ਉਸ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਰਹਿਮਤ ਨੇ ਕਿਹਾ ਕਿ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਏਜੰਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਘੌਸੀਆ ਬੇਗਮ ਨੂੰ ਰਿਆਦ ਪਹੁੰਚਾਇਆ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੋਈ ਵੀ ਏਜੰਟ ਗੱਲ ਸੁਣਨ ਲਈ ਤਿਆਰ ਨਹੀਂ ਹੈ। ਦੱਸਣਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਮੀਦ ਹੈ ਕਿ ਇਸ ਮਾਮਲੇ ਵਿਚ ਵੀ ਸੁਸ਼ਮਾ ਸਵਰਾਜ ਜ਼ਰੂਰੀ ਕੋਈ ਕਦਮ ਚੁੱਕੇਗੀ।


 


author

Tanu

Content Editor

Related News