ਪੂਰੇ ਦੇਸ਼ ’ਚ ਨਜ਼ਰ ਨਹੀਂ ਆਵੇਗਾ ਇਕ ਵੀ ਟੋਲ ਪਲਾਜ਼ਾ, ਨਵੀਂ ਨੀਤੀ ਦਾ ਐਲਾਨ ਕਰੇਗੀ ਸਰਕਾਰ

Wednesday, Apr 16, 2025 - 01:03 AM (IST)

ਪੂਰੇ ਦੇਸ਼ ’ਚ ਨਜ਼ਰ ਨਹੀਂ ਆਵੇਗਾ ਇਕ ਵੀ ਟੋਲ ਪਲਾਜ਼ਾ, ਨਵੀਂ ਨੀਤੀ ਦਾ ਐਲਾਨ ਕਰੇਗੀ ਸਰਕਾਰ

ਮੁੰਬਈ (ਭਾਸ਼ਾ)- ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੂਰੇ ਦੇਸ਼ ’ਚੋਂ ਟੋਲ ਪਲਾਜ਼ਿਆਂ ਨੂੰ ਹਟਾ ਦਿੱਤਾ ਜਾਵੇਗਾ। ਇਸ ਸਬੰਧੀ ਨਵੀਂ ਟੋਲ ਨੀਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਮੁੰਬਈ-ਗੋਆ ਹਾਈਵੇਅ ਦਾ ਕੰਮ ਇਸ ਸਾਲ ਜੂਨ ਤੱਕ ਪੂਰਾ ਕਰ ਦਿੱਤਾ ਜਾਵੇਗਾ। ਨਿਤਿਨ ਗਡਕਰੀ ਨੇ ਮੁੰਬਈ ਦੇ ਦਾਦਰ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਇਹ ਗੱਲ ਕਹੀ।

ਨਿਤਿਨ ਗਡਕਰੀ ਨੇ ਦੇਸ਼ ਭਰ ’ਚੋਂ ਟੋਲ ਪਲਾਜ਼ਿਆਂ ਨੂੰ ਹਟਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਇਕ ਨਵੀਂ ਟੋਲ ਨੀਤੀ ਪੇਸ਼ ਕਰੇਗੀ। ਹਾਲਾਂਕਿ, ਉਸ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਹੁਣ ਜ਼ਿਆਦਾ ਨਹੀਂ ਦੱਸਾਂਗਾ ਪਰ ਅਗਲੇ 15 ਦਿਨਾਂ ’ਚ ਨਵੀਂ ਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਨੂੰ ਵੀ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਰਹੇਗਾ।

ਦੇਸ਼ ਦੇ ਬੁਨਿਆਦੀ ਢਾਂਚੇ ’ਤੇ ਭਰੋਸਾ ਜਤਾਉਂਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ’ਚ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਤੋਂ ਬਿਹਤਰ ਹੋਵੇਗਾ।

ਕੇਂਦਰੀ ਮੰਤਰੀ ਨੇ ਮੁੰਬਈ-ਗੋਆ ਹਾਈਵੇਅ ’ਤੇ ਕੰਮ ’ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ, ‘‘ਮੁੰਬਈ-ਗੋਆ ਹਾਈਵੇਅ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਸਨ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ, ਅਸੀਂ ਇਸ ਜੂਨ ਤੱਕ ਹਾਈਵੇਅ ਦਾ ਕੰਮ 100 ਫੀਸਦੀ ਪੂਰਾ ਕਰ ਲਵਾਂਗੇ।’’


author

DILSHER

Content Editor

Related News