ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ
Saturday, Oct 16, 2021 - 03:49 PM (IST)
ਹਰਿਆਣਾ— ਬੀਤੇ ਦਿਨੀਂ ਸਿੰਘੂ ਸਰਹੱਦ ’ਤੇ ਨੌਜਵਾਨ ਲਖਬੀਰ ਸਿੰਘ ਦੇ ਕਤਲ ਮਾਮਲੇ ਦੇ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਦੀ ਸੋਨੀਪਤ ਕੋਰਟ ’ਚ ਪੇਸ਼ੀ ਹੋਈ। ਸਰਬਜੀਤ ਸਿੰਘ ਨੂੰ 7 ਦਿਨਾਂ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੇਸ਼ੀ ਭੁਗਤਨ ਮਗਰੋਂ ਦੋਸ਼ੀ ਮੁਲਜ਼ਮ ਨਿਹੰਗ ਨੂੰ ਪੁਲਸ ਵਾਪਸ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਮੀਡੀਆ ਕਰਮੀਆਂ ਨਾਲ ਉਲਝ ਗਿਆ ਅਤੇ ਉਸ ਦੀ ਪੱਗ ਲੱਥ ਗਈ। ਇੰਨਾ ਹੀ ਨਹੀਂ ਇਸ ਦੌਰਾਨ ਨਿਹੰਗ ਨੇ ਮੀਡੀਆ ਨਾਲ ਬਹਿਸ ਕੀਤੀ ਅਤੇ ਗਾਲ੍ਹਾ ਵੀ ਕੱਢੀਆਂ। ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਗੱਡੀ ’ਚ ਬਿਠਾਇਆ ਗਿਆ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਕਤਲ ਮਾਮਲਾ : 7 ਦਿਨਾਂ ਰਿਮਾਂਡ ’ਤੇ ਭੇਜਿਆ ਗਿਆ ਮੁਲਜ਼ਮ ਸਰਬਜੀਤ ਸਿੰਘ
ਦੱਸਣਯੋਗ ਹੈ ਕਿ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ 15 ਅਕਤੂਬਰ ਤੜਕਸਾਰ ਕਿਸਾਨ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਬੈਰੀਕੇਡਜ਼ ’ਤੇ ਮਿ੍ਰਤਕ ਹਾਲਤ ’ਚ ਟੰਗਿਆ ਮਿਲਿਆ। ਕਾਤਲਾਂ ਨੇ ਉਸ ਦੇ ਹੱਥ-ਪੈਰ ਵੱਢ ਦਿੱਤੇ ਸਨ ਅਤੇ ਕਤਲ ਮਗਰੋਂ ਲਾਸ਼ ਨੂੰ ਲੋਹੇ ਦੇ ਬੈਰੀਕੇਡਜ਼ ’ਤੇ ਟੰਗ ਗਏ ਸਨ। ਲਖਬੀਰ ਸਿੰਘ ਦੀ ਲਾਸ਼ ਮਿਲਣ ਨਾਲ ਉੱਥੇ ਭਾਜੜਾਂ ਪੈ ਗਈਆਂ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲਿਆ।
ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਨੌਜਵਾਨ ਦਾ ਕਤਲ, ਹੱਥ-ਲੱਤ ਵੱਢ ਕੇ ਬੈਰੀਕੇਡ ਨਾਲ ਟੰਗੀ ਲਾਸ਼
ਮਿ੍ਰਤਕ ਦੀ ਪਹਿਚਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦੇ ਰਹਿਣ ਵਾਲੇ ਲਖਬੀਰ ਸਿੰਘ ਵਜੋਂ ਹੋਈ ਹੈ। ਲਖਬੀਰ ਸਿੰਘ ’ਤੇ ਬੇਅਦਬੀ ਕਰਨ ਦਾ ਦੋਸ਼ ਸੀ, ਜਿਸ ਤੋਂ ਮਗਰੋਂ ਨਿਹੰਗਾਂ ਵਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।