''84 ਕਤਲੇਆਮ ਮਾਮਲਾ: ਟਾਈਟਲਰ ਨੇ ਹਾਈ ਕੋਰਟ ''ਚ ਕੀਤੀ ਇਹ ਅਪੀਲ

Monday, Nov 11, 2024 - 04:03 PM (IST)

''84 ਕਤਲੇਆਮ ਮਾਮਲਾ: ਟਾਈਟਲਰ ਨੇ ਹਾਈ ਕੋਰਟ ''ਚ ਕੀਤੀ ਇਹ ਅਪੀਲ

ਨਵੀਂ ਦਿੱਲੀ- ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਸੋਮਵਾਰ ਨੂੰ ਹਾਈ ਕੋਰਟ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਪੁਲਬੰਗਸ਼ ਇਲਾਕੇ 'ਚ ਤਿੰਨ ਲੋਕਾਂ ਦੇ ਕਤਲ ਨਾਲ ਸਬੰਧਤ ਇਕ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਾਉਣ ਦੀ ਬੇਨਤੀ ਕੀਤੀ। ਟਾਈਟਲਰ ਦੇ ਵਕੀਲ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਗਵਾਹ ਦੇ ਬਿਆਨ ਦਰਜ ਕਰਨ ਲਈ ਕੇਸ ਨੂੰ ਮੰਗਲਵਾਰ ਨੂੰ ਹੇਠਲੀ ਅਦਾਲਤ 'ਚ ਸੂਚੀਬੱਧ ਕੀਤਾ ਗਿਆ ਹੈ ਅਤੇ ਸਬੰਧਤ ਅਦਾਲਤ ਨੂੰ ਉਸ ਵਿਰੁੱਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਆਇਦ ਹੋਣ ਤੱਕ ਮਾਮਲੇ ਨੂੰ ਹਾਈ ਕੋਰਟ 'ਚ ਵਿਚਾਰ ਅਧੀਨ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਦੋਂ ਤੱਕ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਕੇਸ ਦੀ ਸੁਣਵਾਈ ਨਾ ਕੀਤੀ ਜਾਵੇ। ਜਸਟਿਸ ਮਨੋਜ ਕੁਮਾਰ ਓਹਰੀ ਨੇ ਪਹਿਲਾਂ ਟਾਈਟਲਰ ਨੂੰ ਕੁਝ ਵਾਧੂ ਦਸਤਾਵੇਜ਼ ਦਾਖ਼ਲ ਕਰਨ ਲਈ ਸਮਾਂ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਦਸਤਾਵੇਜ਼ ਤਾਂ ਦਰਜ ਕੀਤੇ ਗਏ ਹਨ ਪਰ ਉਹ ਰਿਕਾਰਡ ’ਤੇ ਨਹੀਂ ਹਨ। ਹਾਈਕੋਰਟ ਨੇ ਰਜਿਸਟਰੀ ਨੂੰ ਅੱਜ ਹੀ ਦਸਤਾਵੇਜ਼ ਰਿਕਾਰਡ 'ਤੇ ਰੱਖਣ ਅਤੇ ਬਾਅਦ ਦੁਪਹਿਰ ਮਾਮਲੇ ਦੀ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ। ਟਾਈਟਲਰ ਵੱਲੋਂ ਆਪਣੇ ਵਿਰੁੱਧ ਦੋਸ਼ ਤੈਅ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪਹਿਲਾਂ ਹੀ 29 ਨਵੰਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਕੀਤੀ ਜਾ ਚੁੱਕੀ ਹੈ ਅਤੇ ਇਸ ਦੇ ਪੈਂਡਿੰਗ ਹੋਣ ਦੌਰਾਨ ਟਾਈਟਲਰ ਨੇ ਕੇਸ ਦੀ ਸੁਣਵਾਈ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸਤਗਾਸਾ ਦੀ ਗਵਾਹ ਲੋਕੇਂਦਰ ਕੌਰ ਦੀ ਗਵਾਹੀ ਹੇਠਲੀ ਅਦਾਲਤ ਨੇ ਦਰਜ ਕਰ ਲਈ ਹੈ ਅਤੇ ਬਚਾਅ ਪੱਖ ਦੇ ਵਕੀਲ 12 ਨਵੰਬਰ ਨੂੰ ਉਸ ਤੋਂ ਜਿਰ੍ਹਾ ਕਰਨਗੇ। ਇਸ ਵਿਚ ਕਿਹਾ ਗਿਆ ਹੈ ਕਿ ਟਾਈਟਲਰ ਦੀ ਅਪਰਾਧਿਕ ਸਮੀਖਿਆ ਪਟੀਸ਼ਨ ਇਸਤਗਾਸਾ ਪੱਖ ਦੇ ਇਰਾਦਿਆਂ ਅਤੇ CBI ਵਲੋਂ ਕੀਤੀ ਗਈ ਜਾਂਚ 'ਤੇ ਕਾਫੀ ਸਵਾਲ ਖੜ੍ਹੇ ਕਰਦੀ ਹੈ।


ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ HS ਫੂਲਕਾ ਨੇ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗਵਾਹ ਬੁੱਢੇ ਹਨ ਅਤੇ ਕਈ ਬੀਮਾਰੀਆਂ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਹੇਠਲੀ ਅਦਾਲਤ ਵਿਚ ਪੇਸ਼ ਹੋਣਾ ਪੈ ਰਿਹਾ ਹੈ। ਉਹ ਮੰਗਲਵਾਰ ਨੂੰ ਚੌਥੀ ਵਾਰ ਅਦਾਲਤ ਵਿਚ ਪੇਸ਼ ਹੋਵੇਗੀ। ਹਾਈ ਕੋਰਟ ਨੇ ਟਾਈਟਲਰ ਦੇ ਵਕੀਲ ਨੂੰ ਕੁਝ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ ਸੀ ਜੋ ਪਹਿਲਾਂ ਦਰਜ ਨਹੀਂ ਕੀਤੇ ਗਏ ਸਨ। CBI ਨੇ 20 ਮਈ 2023 ਨੂੰ ਇਸ ਮਾਮਲੇ ਵਿਚ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। CBI ਨੇ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਟਾਈਟਲਰ ਨੇ 1 ਨਵੰਬਰ, 1984 ਨੂੰ ਪੁਲਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ ਵਿਚ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ, ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਸਾੜ ਦਿੱਤਾ ਗਿਆ ਸੀ ਅਤੇ ਸਿੱਖ ਭਾਈਚਾਰੇ ਦੇ ਤਿੰਨ ਲੋਕਾਂ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਸੀ। ਇਕ ਸੈਸ਼ਨ ਅਦਾਲਤ ਨੇ ਪਿਛਲੇ ਸਾਲ ਅਗਸਤ 'ਚ ਇਸ ਮਾਮਲੇ 'ਚ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ।
 


author

Tanu

Content Editor

Related News