ਹੌਦੀ ਪੁੱਟਣ ਦੌਰਾਨ ਮਿੱਟੀ ਡਿੱਗਣ ਨਾਲ 3 ਲੋਕਾਂ ਦੀ ਮੌਤ

Wednesday, Sep 11, 2024 - 11:36 PM (IST)

ਹੌਦੀ ਪੁੱਟਣ ਦੌਰਾਨ ਮਿੱਟੀ ਡਿੱਗਣ ਨਾਲ 3 ਲੋਕਾਂ ਦੀ ਮੌਤ

ਜੈਪੁਰ, (ਭਾਸ਼ਾ)- ਰਾਜਸਥਾਨ ਦੇ ਸੀਕਰ ਜ਼ਿਲੇ ਦੇ ਦਾਂਤਾਰਾਮਗੜ੍ਹ ਥਾਣਾ ਇਲਾਕੇ ਵਿਚ ਬੁੱਧਵਾਰ ਨੂੰ ਇਕ ਹੌਦੀ ਪੁੱਟਣ ਦੌਰਾਨ ਮਿੱਟੀ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਅਧਿਕਾਰੀ ਜ਼ਾਕਿਰ ਅਖ਼ਤਰ ਨੇ ਦੱਸਿਆ ਕਿ ਰਾਜਨਪੁਰਾ ਪਿੰਡ ਵਿਚ ਇਕ ਘਰ ਵਿਚ ਹੌਦੀ ਪੁੱਟਣ ਦੌਰਾਨ ਅਚਾਨਕ ਮਿੱਟੀ ਡਿੱਗ ਗਈ। ਮਿੱਟੀ ’ਚ ਦੱਬਣ ਕਾਰਨ ਕਿਸ਼ਨ ਸਿੰਘ (40), ਉਸ ਦੇ ਦੋ ਭਤੀਜਿਆਂ ਰਾਹੁਲ (16) ਅਤੇ ਵਿੱਕੀ ਉਰਫ਼ ਵਿਕਾਸ (15) ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਤਿੰਨਾਂ ਨੂੰ ਮਿੱਟੀ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Rakesh

Content Editor

Related News