ਬਿਹਾਰ ''ਚ ਸਿਆਸੀ ਗਰਮੀ, ਨਿਤੀਸ਼ ਨੇ ਮੰਤਰੀ ਅਹੁਦਾ ਖੌਹ ਸ਼ਿਆਮ ਰਜਕ ਨੂੰ ਜੇਡੀਯੂ ਤੋਂ ਕੱਢਿਆ
Monday, Aug 17, 2020 - 01:32 AM (IST)
ਪਟਨਾ : ਬਿਹਾਰ 'ਚ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਸਿਆਸੀ ਗਰਮੀ ਵਧਣ ਲੱਗੀ ਹੈ। ਬਿਹਾਰ ਦੇ ਉਦਯੋਗ ਮੰਤਰੀ ਸ਼ਿਆਮ ਰਜਕ ਸੋਮਵਾਰ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਜਨਤਾ ਦਲ ਯੂਨਾਈਟਿਡ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਹੀ ਕੱਢ ਦਿੱਤਾ। ਇਸ ਤੋਂ ਇਲਾਵਾ ਸ਼ਿਆਮ ਰਜਕ 'ਤੇ ਕਾਰਵਾਈ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਵੀ ਹਟਾ ਦਿੱਤਾ। ਰਾਜਪਾਲ ਫਾਗੂ ਚੌਹਾਨ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿਫਾਰਿਸ਼ 'ਤੇ ਮੋਹਰ ਵੀ ਲਗਾ ਦਿੱਤੀ ਹੈ।
ਸ਼ਿਆਮ ਰਜਕ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) 'ਚ ਸ਼ਾਮਲ ਹੋ ਸਕਦੇ ਹਨ। ਕਾਫ਼ੀ ਪਹਿਲਾਂ ਤੋਂ ਹੀ ਸ਼ਿਆਮ ਰਜਕ ਦੇ ਆਰ.ਜੇ.ਡੀ. 'ਚ ਸ਼ਾਮਲ ਹੋਣ ਦੇ ਅੰਦਾਜੇ ਲਗਾਏ ਜਾ ਰਹੇ ਹਨ। ਸ਼ਿਆਮ ਰਜਕ ਇੱਕ ਸਮੇਂ 'ਚ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਨੇਤਾਵਾਂ 'ਚ ਗਿਣੇ ਜਾਂਦੇ ਸਨ।
ਦੂਜੇ ਪਾਸੇ, ਆਰ.ਜੇ.ਡੀ. ਨੇ ਆਪਣੇ ਤਿੰਨ ਵਿਧਾਇਕਾਂ ਪ੍ਰੇਮਾ ਚੌਧਰੀ, ਮਹੇਸ਼ਵਰ ਯਾਦਵ ਅਤੇ ਫਰਾਜ ਫਾਤਮੀ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਜਨਰਲ ਸਕੱਤਰ ਆਲੋਕ ਮਹਿਤਾ ਨੇ ਕਿਹਾ ਕਿ ਤਿੰਨੇ ਵਿਧਾਇਕ ਪਾਰਟੀ ਲਾਈਨ ਦੇ ਖਿਲਾਫ ਕੰਮ ਕਰ ਰਹੇ ਸਨ। ਇਹ ਤਿੰਨੇ ਵਿਧਾਇਕ ਆਰ.ਜੇ.ਡੀ. ਦੇ ਪ੍ਰੋਗਰਾਮਾਂ ਦਾ ਵਿਰੋਧ ਕਰਦੇ ਰਹੇ ਹਨ। ਮਹੇਸ਼ਵਰ ਯਾਦਵ ਤਾਂ ਕਈ ਵਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੰਚ 'ਤੇ ਵੀ ਦਿਖੇ ਹਨ ਪਰ ਹੁਣ ਜਦੋਂ ਉਦਯੋਗ ਮੰਤਰੀ ਸ਼ਿਆਮ ਰਜਕ ਦਾ ਆਰ.ਜੇ.ਡੀ. 'ਚ ਆਉਣਾ ਤੈਅ ਹੋਇਆ ਤਾਂ ਪਾਰਟੀ ਨੇ ਰਣਨੀਤੀ ਦੇ ਤਹਿਤ ਇਨ੍ਹਾਂ ਤਿੰਨਾਂ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।