''ਕਲਸ਼'' ਨਾਲ ਸਜਿਆ ਰਾਮ ਮੰਦਰ ਦਾ ਸ਼ਿਖਰ, ਮੰਤਰਾਂ ਨਾਲ ਗੂੰਜ ਉੱਠਿਆ ਕੰਪਲੈਕਸ

Monday, Apr 14, 2025 - 05:35 PM (IST)

''ਕਲਸ਼'' ਨਾਲ ਸਜਿਆ ਰਾਮ ਮੰਦਰ ਦਾ ਸ਼ਿਖਰ, ਮੰਤਰਾਂ ਨਾਲ ਗੂੰਜ ਉੱਠਿਆ ਕੰਪਲੈਕਸ

ਅਯੁੱਧਿਆ- ਅਯੁੱਧਿਆ ਸਥਿਤ ਸ਼੍ਰੀਰਾਮ ਜਨਮਭੂਮੀ 'ਤੇ ਉਸਾਰੀ ਅਧੀਨ ਰਾਮ ਮੰਦਰ 'ਚ ਅੱਜ ਦਾ ਦਿਨ ਇਤਿਹਾਸ ਹੋ ਨਿਬੜਿਆ। ਦਰਅਸਲ ਰਾਮ ਮੰਦਰ ਵਿਚ ਅੱਜ ਇਕ ਹੋਰ ਇਤਿਹਾਸਕ ਪੜਾਅ ਪਾਰ ਹੋਇਆ ਹੈ। ਮੰਦਰ ਦੇ ਗਰਭ ਗ੍ਰਹਿ ਦੇ ਮੁੱਖ ਸ਼ਿਖਰ 'ਤੇ ਕਲਸ਼ ਪੂਜਾ ਸੰਪੰਨ ਹੋਈ। ਇਸ ਮੌਕੇ ਪੂਰਾ ਮੰਦਰ ਕੰਪਲੈਕਸ ਵੈਦਿਕ ਮੰਤਰਾਂ ਨਾਲ ਗੂੰਜ ਉੱਠਿਆ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ, ਸਾਧੂ-ਸੰਤਾਂ ਅਤੇ ਸਥਾਨਕ ਸ਼ਰਧਾਲੂਆਂ ਦੀ ਮੌਜੂਦਗੀ ਵਿਚ ਇਹ ਪੂਜਨ ਸੰਪੰਨ ਹੋਇਆ।

ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਰਭ ਗ੍ਰਹਿ 'ਤੇ ਸਵਾ 9 ਵਜੇ ਕਲਸ਼ ਪੂਜਾ ਵਿਧੀ ਸ਼ੁਰੂ ਕਰ ਕੇ ਸਾਢੇ 10 ਵਜੇ ਵਿਧੀ ਵਿਧਾਨ ਨਾਲ ਕਲਸ਼ ਸਥਾਪਤ ਕੀਤਾ ਗਿਆ। ਚੰਪਤ ਰਾਏ ਨੇ ਦੱਸਿਆ ਕਿ ਮੰਦਰ ਉਸਾਰੀ ਦਾ ਦੂਜਾ ਪੜਾਅ ਹੁਣ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਟਰੱਸਟ ਮੁਤਾਬਕ ਗਰਭ ਗ੍ਰਹਿ ਦਾ ਸ਼ਿਖਰ ਪੂਰਨ ਹੋਣ ਮਗਰੋਂ ਅਗਲੇ ਪੜਾਅ ਵਿਚ ਸ਼ਿਖਰ 'ਤੇ ਝੰਡਾ ਸਥਾਪਨਾ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਮੰਦਰ ਦੀ ਉਸਾਰੀ ਦਾ ਕੰਮ ਅਕਤੂਬਰ 2025 ਤੱਕ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ, ਜਿਸ ਤੋਂ ਬਾਅਦ ਇਹ ਭਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।


author

Tanu

Content Editor

Related News