15 ਦਿਨਾਂ ’ਚ ਵਰ੍ਹਿਆ ਪੈਸਿਆਂ ਦਾ ਮੀਂਹ, ਸਬਰੀਮਲਾ ਮੰਦਰ ਦੀ ਮਾਲੀਆ ਕੁਲੈਕਸ਼ਨ 92 ਕਰੋੜ ਤੱਕ ਪੁੱਜੀ
Tuesday, Dec 02, 2025 - 07:51 AM (IST)
ਸਬਰੀਮਲਾ (ਭਾਸ਼ਾ) - ਭਗਵਾਨ ਅਇਅੱਪਾ ਮੰਦਰ ’ਤੇ ਸਾਲਾਨਾ ਮੰਡਲਾ-ਮਕਰਵਿਲੱਕੁ ਤੀਰਥਯਾਤਰਾ ਸੀਜ਼ਨ ਦੇ ਪਹਿਲੇ 15 ਦਿਨਾਂ ਦੌਰਾਨ ਪੈਸਿਆਂ ਦਾ ਭਾਰੀ ਮੀਂਹ ਵਰ੍ਹਿਆ ਅਤੇ ਕੁੱਲ ਕੁਲੈਕਸ਼ਨ 92 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਤਰਾਵਣਕੋਰ ਦੇਵਸਵੋਮ ਬੋਰਡ (ਟੀ. ਡੀ. ਬੀ.) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਹ ਪਿਛਲੇ ਸਾਲ ਦੀ ਇਸ ਮਿਆਦ ਦੌਰਾਨ ਇਕੱਠੇ ਹੋਏ 69 ਕਰੋੜ ਰੁਪਏ ਦੇ ਮੁਕਾਬਲੇ 33.33 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।
ਪੜ੍ਹੋ ਇਹ ਵੀ - ਵਰਮਾਲਾ ਦੇ ਤੁਰੰਤ ਬਾਅਦ ਲਾੜੀ ਨੇ ਚਾੜ੍ਹ 'ਤਾ ਅਜਿਹਾ ਚੰਨ, ਚਾਰੇ-ਪਾਸੇ ਮਚੀ ਹਫ਼ੜਾ-ਦਫ਼ੜੀ
ਟੀ. ਡੀ. ਬੀ. ਨੇ ਇਕ ਬਿਆਨ ’ਚ ਕਿਹਾ ਕਿ ਮਾਲੀਆ ਦਾ ਇਕ ਵੱਡਾ ਹਿੱਸਾ ‘ਅਰਵਾਨਾ’ ਦੀ ਵਿਕਰੀ ਤੋਂ ਆਇਆ, ਜਿਸ ਨੇ 47 ਕਰੋਡ਼ ਰੁਪਏ ਦਾ ਯੋਗਦਾਨ ਦਿੱਤਾ, ਜੋ ਪਿਛਲੇ ਸਾਲ ਦੇ 32 ਕਰੋੜ ਰੁਪਏ ਤੋਂ 46.86 ਫ਼ੀਸਦੀ ਜ਼ਿਆਦਾ ਹੈ। ਉਨ੍ਹਾਂ ਨੇ ਦੱਸਿਆ ਕਿ ‘ਅੱਪਮ’ ਦੀ ਵਿਕਰੀ ਨਾਲ ਮਾਲੀਆ 3.5 ਕਰੋੜ ਰੁਪਏ ਰਿਹਾ, ਜੋ ਪਿਛਲੇ ਸੀਜ਼ਨ ਦੇ ਬਰਾਬਰ ਹੀ ਹੈ। ਕਣਿੱਕਾ (ਹੁੰਡੀ ਕੁਲੈਕਸ਼ਨ) ’ਚ ਵੀ ਵਾਧਾ ਹੋਇਆ, ਜੋ 2024 ਦੇ 22 ਕਰੋੜ ਰੁਪਏ ਤੋਂ 18.18 ਫੀਸਦੀ ਵਧ ਕੇ ਇਸ ਸੀਜ਼ਨ ’ਚ 26 ਕਰੋੜ ਰੁਪਏ ਹੋ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਪਹਾੜੀ ਮੰਦਰ ’ਚ ਭਾਰੀ ਭੀੜ ਵੇਖੀ ਗਈ ਹੈ ਅਤੇ 30 ਨਵੰਬਰ ਤੱਕ ਲੱਗਭਗ 13 ਲੱਖ ਸ਼ਰਧਾਲੂ ਸਬਰੀਮਲਾ ਦੇ ਦਰਸ਼ਨ ਕਰ ਚੁੱਕੇ ਹਨ। ਮੰਡਲਾ-ਮਕਰਵਿਲੱਕੁ ਤੀਰਥਯਾਤਰਾ ਸੀਜ਼ਨ ਜਨਵਰੀ 2026 ’ਚ ਖ਼ਤਮ ਹੋਵੇਗਾ।
