ਚਾਰਜਸ਼ੀਟ ’ਚ ਨਵਾਂ ਖੁਲਾਸਾ: ਕਤਲ ਤੋਂ ਬਾਅਦ ਆਫਤਾਬ ਨੇ ਬਲੋਅ ਟਾਰਚ ਨਾਲ ਸਾੜੇ ਸਨ ਸ਼ਰਧਾ ਦੇ ਵਾਲ ਤੇ ਚਿਹਰਾ
Wednesday, Feb 08, 2023 - 10:57 AM (IST)
ਨਵੀਂ ਦਿੱਲੀ- ਦਿੱਲੀ ਦੇ ਮਹਿਰੌਲੀ ’ਚ ਸ਼ਰਧਾ ਵਾਲਕਰ ਕਤਲ ਕਾਂਡ ’ਚ ਨਵਾਂ ਖੁਲਾਸਾ ਹੋਇਆ ਹੈ। ਪੁਲਸ ਦੀ ਚਾਰਜਸ਼ੀਟ ਅਨੁਸਾਰ ਆਫਤਾਬ ਪੂਨਾਵਾਲਾ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੇ ਚਿਹਰੇ ਅਤੇ ਵਾਲਾਂ ਨੂੰ ਸਾੜਨ ਲਈ ਬਲੋਅ ਟਾਰਚ ਦੀ ਵਰਤੋਂ ਕੀਤੀ ਸੀ। ਆਫਤਾਬ ਨੇ ਕਬੂਲ ਕੀਤਾ ਕਿ ਸ਼ਰਧਾ ਦੇ ਅੰਗ ਸਾੜਨ ਅਤੇ ਗ੍ਰਾਈਂਡਿੰਗ ਮਸ਼ੀਨ ਵਿੱਚ ਉਨ੍ਹਾਂ ਨੂੰ ਪੀਸਣ ਦਾ ਉਸ ਦਾ ਪਹਿਲਾ ਖੁਲਾਸਾ ਪੁਲਸ ਨੂੰ ਗੁੰਮਰਾਹ ਕਰਨਾ ਸੀ।
ਪੁਲਸ ਦੀ 6,600 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਆਫਤਾਬ ਨੇ ਆਪਣੇ ਨਵੇਂ ਕਬੂਲਨਾਮੇ ਵਿੱਚ ਪੁਲਸ ਨੂੰ ਦੱਸਿਆ ਕਿ ਕਤਲ ਦੀ ਰਾਤ ਉਹ ਆਪਣੇ ਘਰ ਦੇ ਨੇੜੇ ਇੱਕ ਹਾਰਡਵੇਅਰ ਦੀ ਦੁਕਾਨ ਵਿੱਚ ਗਿਆ ਅਤੇ ਉਥੋਂ ਇੱਕ ਆਰੀ, ਤਿੰਨ ਬਲੇਡ, ਇੱਕ ਹਥੌੜਾ ਅਤੇ ਪਲਾਸਟਿਕ ਦੀਆਂ ਕਲਿੱਪਾਂ ਖਰੀਦੀਆਂ। ਉਹ ਸ਼ਰਧਾ ਦੀ ਲਾਸ਼ ਨੂੰ ਬਾਥਰੂਮ ’ਚ ਲੈ ਗਿਆ। ਆਰੀ ਨਾਲ ਪਹਿਲਾਂ ਉਸ ਦੇ ਹੱਥ ਕੱਟ ਕੇ ਪਾਲੀਥੀਨ ਬੈਗ ’ਚ ਰੱਖ ਦਿੱਤੇ। ਬੈਗ ਨੂੰ ਰਸੋਈ ਦੀ ਹੇਠਲੀ ਅਲਮਾਰੀ ਵਿੱਚ ਰੱਖ ਦਿੱਤਾ।
ਅਗਲੇ ਦਿਨ ਤੜਕੇ 2 ਵਜੇ ਦੇ ਕਰੀਬ ਉਸ ਨੇ ਦਿੱਲੀ ਦੇ ਛਤਰਪੁਰ ਦੇ ਜੰਗਲੀ ਇਲਾਕੇ ’ਚ ਸ਼ਰਧਾ ਦੀ ਲੱਤ ਦਾ ਹਿੱਸਾ ਸੁੱਟ ਦਿੱਤਾ। ਅਗਲੇ 4-5 ਦਿਨਾਂ ਵਿੱਚ ਆਫਤਾਬ ਨੇ ਸ਼ਰਧਾ ਦੀ ਲਾਸ਼ ਨੂੰ 35 ਟੁਕੜਿਆਂ ਵਿੱਚ ਕੱਟ ਦਿੱਤਾ। ਉਨ੍ਹਾਂ ਨੂੰ ਸੜਨ ਤੋਂ ਰੋਕਣ ਲਈ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ 300 ਲੀਟਰ ਦੇ ਫਰਿੱਜ ਵਿੱਚ ਲਗਭਗ ਤਿੰਨ ਹਫ਼ਤਿਆਂ ਲਈ ਰੱਖਿਆ। ਉਸ ਨੇ ਇੱਕ ਇੱਕ ਕਰ ਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਟਿਕਾਣੇ ਲਾਇਆ। ਕਤਲ ਤੋਂ ਤਿੰਨ ਮਹੀਨੇ ਬਾਅਦ ਉਸ ਦਾ ਸਿਰ ਦੱਬ ਦਿੱਤਾ।
ਚਾਰਜਸ਼ੀਟ ’ਚ ਆਫਤਾਬ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੱਤਿਆ ਤੋਂ ਬਾਅਦ ਸ਼ਰਧਾ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੇ ਮੋਬਾਇਲ ’ਚ ਹੀ ਲੌਗ ਇਨ ਸੀ। ਉਸ ਨੇ ਸ਼ਰਧਾ ਦੇ ਰੂਪ ਵਿੱਚ ਪੋਜ਼ ਦੇ ਕੇ ਇੰਸਟਾਗ੍ਰਾਮ ’ਤੇ ਉਸ ਦੇ ਦੋਸਤ ਲਕਸ਼ਮਣ ਦੇ ਸੰਦੇਸ਼ ਦਾ ਜਵਾਬ ਦਿੱਤਾ ਸੀ।
ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਸ਼ਰਧਾ ਕਤਲ ਕੇਸ ਵਿੱਚ ਦਿੱਲੀ ਪੁਲਸ ਵੱਲੋਂ ਆਫਤਾਬ ਵਿਰੁੱਧ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ। ਅਦਾਲਤ ਨੇ ਚਾਰਜਸ਼ੀਟ ਦੇਖਣ ਲਈ ਮਾਮਲੇ ਨੂੰ 21 ਫਰਵਰੀ ਲਈ ਸੂਚੀਬੱਧ ਕੀਤਾ ਹੈ।