ਉਲਟ ਗਈ ਬਾਜ਼ੀ! ਗਹਿਣਿਆਂ ਦੀ ਦੁਕਾਨ ਲੁੱਟਣ ਗਏ ਲੁਟੇਰਿਆਂ ਨੂੰ ਦੁਕਾਨਦਾਰ ਨੇ ਮਾਰ''ਤੀ ਗੋਲੀ

Tuesday, Oct 22, 2024 - 12:05 AM (IST)

ਨੈਸ਼ਨਲ ਡੈਸਕ - ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ, ਅਪਰਾਧੀਆਂ ਨੇ ਦਿਨ ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਦੁਕਾਨ 'ਚੋਂ 30 ਤੋਂ 35 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਗੋਲੀਬਾਰੀ ਵੀ ਹੋਈ, ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਗੋਲੀਬਾਰੀ ਹੁੰਦੀ ਦੇਖ ਦੁਕਾਨਦਾਰ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ 'ਚ ਦੋ ਬਦਮਾਸ਼ਾਂ ਨੂੰ ਗੋਲੀ ਲੱਗ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਦੋਵੇਂ ਜ਼ਖਮੀ ਅਪਰਾਧੀਆਂ ਨੂੰ ਕਾਬੂ ਕਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਘਟਨਾ ਨਗਰ ਥਾਣਾ ਖੇਤਰ ਦੇ ਪਟੇਲ ਚੌਕ ਨੇੜੇ ਪੀ.ਪੀ. ਜਵੈਲਰਜ਼ ਦੀ ਹੈ। ਪੀ.ਪੀ. ਜਵੈਲਰਜ਼ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਪਹਿਲਾਂ ਦੋ ਬਦਮਾਸ਼ ਗਾਹਕ ਬਣ ਕੇ ਦੁਕਾਨ ਅੰਦਰ ਦਾਖ਼ਲ ਹੋਏ। ਉਸ ਦਾ ਲੜਕਾ ਦੋਵਾਂ ਬਦਮਾਸ਼ਾਂ ਨੂੰ ਉਪਰਲੀ ਮੰਜ਼ਿਲ 'ਤੇ ਲੈ ਗਿਆ ਅਤੇ ਉਨ੍ਹਾਂ ਨੂੰ ਗਹਿਣੇ ਦਿਖਾਉਣ ਲੱਗਾ, ਕੁਝ ਦੇਰ ਬਾਅਦ ਦੋਵਾਂ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ ਦੀ ਇਸ ਘਟਨਾ ਵਿੱਚ ਇੱਕ ਸੇਲਜ਼ਮੈਨ ਨੂੰ ਗੋਲੀ ਲੱਗ ਗਈ। ਉਥੇ ਹੀ ਉਨ੍ਹਾਂ ਦਾ ਪੁੱਤਰ ਵਾਲ-ਵਾਲ ਬਚ ਗਿਆ।

ਬਦਮਾਸ਼ਾਂ 'ਤੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ
ਪੀ.ਪੀ. ਜਵੈਲਰਜ਼ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਘਟਨਾ ਸਮੇਂ ਉਹ ਦੁਕਾਨ ’ਤੇ ਨਹੀਂ ਸੀ। ਉਹ ਤੇਜ਼ੀ ਨਾਲ ਦੁਕਾਨ 'ਤੇ ਪਹੁੰਚਿਆ ਅਤੇ ਆਪਣੀ ਲਾਇਸੰਸੀ ਪਿਸਤੌਲ ਨਾਲ ਦੋਵਾਂ ਅਪਰਾਧੀਆਂ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਦੋਵੇਂ ਅਪਰਾਧੀ ਜ਼ਖਮੀ ਹੋ ਗਏ। ਪੁਲਸ ਘਟਨਾ ਤੋਂ ਅੱਧੇ ਘੰਟੇ ਬਾਅਦ ਪਹੁੰਚੀ ਅਤੇ ਦੋਵਾਂ ਬਦਮਾਸ਼ਾਂ ਨੂੰ ਆਪਣੇ ਨਾਲ ਲੈ ਗਈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪੁਲਸ ਨੇ ਬਦਮਾਸ਼ਾਂ ਨੂੰ ਭੀੜ ਤੋਂ ਬਚਾਇਆ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੈਂਕੜੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਦੋਵਾਂ ਬਦਮਾਸ਼ਾਂ ਨੂੰ ਭੀੜ ਦੇ ਹਵਾਲੇ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਭੀੜ ਤੋਂ ਬਚਾਇਆ ਅਤੇ ਦੋਵਾਂ ਬਦਮਾਸ਼ਾਂ ਨੂੰ ਆਪਣੇ ਨਾਲ ਲੈ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। ਪੁਲਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ।


Inder Prajapati

Content Editor

Related News