ਖੇਤੀ ਬਿੱਲ ਦੇ ਸਮਰਥਨ ’ਚ ਸ਼ਿਵਰਾਜ ਬੋਲੇ- ‘ਕਿਸਾਨਾਂ ਦੇ ਭਗਵਾਨ ਹਨ ਪ੍ਰਧਾਨ ਮੰਤਰੀ’

9/24/2020 1:47:21 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਕਿਸਾਨਾਂ ਦਾ ਭਗਵਾਨ’ ਦੱਸਿਆ ਅਤੇ ਕਿਹਾ ਕਿ ਸੰਸਦ ਤੋਂ ਪਾਸ ਖੇਤੀ ਬਿੱਲਾਂ ਨਾਲ ਅੰਨਦਾਤਾ ਦੀ ਆਮਦਨੀ ਦੁੱਗਣੀ ਹੋਵੇਗੀ। ਚੌਹਾਨ ਨੇ ਇਨ੍ਹਾਂ ਬਿੱਲਾਂ ਦੇ ਵਿਰੋਧ ’ਚ ਉੱਤਰੇ ਵਿਰੋਧੀ ਧਿਰ ਨੂੰ ‘ਕਿਸਾਨ ਦਰੋਹੀ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ਵਿਚੌਲਿਆਂ ਦੀ ਪੈਰਵੀ ਕਰ ਰਹੇ ਹਨ। ਚੌਹਾਨ ਨੇ ਬੁੱਧਵਾਰ ਰਾਤ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਭਗਵਾਨ ਹਨ। ਖੇਤੀ ਸੁਧਾਰਾਂ ਨਾਲ ਸੰਬੰਧਤ ਤਿੰਨ ਬਿੱਲ ਕਿਸਾਨਾਂ ਲਈ ਵਰਦਾਨ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ।

ਇਹ ਵੀ ਪੜ੍ਹੋ: ਰਾਜ ਸਭਾ ’ਚ ਭਾਰੀ ਹੰਗਾਮੇ ਦਰਮਿਆਨ ਖੇਤੀ ਬਿੱਲ ਪਾਸ 

ਸ਼ਿਵਰਾਜ ਚੌਹਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਅੰਨਦਾਤਿਆਂ ਦੇ ਸ਼ੁੱਭਚਿੰਤਕ ਨਹੀਂ, ਸਗੋਂ ਕਿਸਾਨ ਦਰੋਹੀ ਹਨ। ਉਹ ਕਿਸਾਨਾਂ ਨੂੰ ਉਲਝਣ ’ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਵਿਰੋਧੀ ਧਿਰ ’ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਜੇਕਰ ਕੋਈ ਨਿਰਯਾਤ ਕਰਨ ਵਾਲਾ ਚੰਗੀ ਕੀਮਤ ਦੇ ਕੇ ਸਿੱਧੇ ਕਿਸਾਨਾਂ ਤੋਂ ਕਣਕ ਅਤੇ ਝੋਨਾ ਖਰੀਦਦਾ ਹੈ, ਤਾਂ ਕਿਸੇ ਵਿਚੌਲੇ ਦੀ ਲੋੜ ਕੀ ਹੈ? ਵਿਰੋਧ ਧਿਰ ਵਿਚੌਲਿਆਂ ਦਾ ਸਮਰਥਨ ਕਿਉਂ ਕਰ ਰਹੇ ਹਨ। 

ਇਹ ਵੀ ਪੜ੍ਹੋ: ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖ਼ਬਰ

ਦੱਸਣਯੋਗ ਹੈ ਕਿ ਰਾਜ ਸਭਾ ਅਤੇ ਲੋਕ ਸਭਾ ’ਚ ਕਿਸਾਨਾਂ ਨਾਲ ਜੁੜੇ ਤਿੰਨ ਖੇਤੀ ਬਿੱਲਾਂ ਨੂੰ ਵਿਰੋਧੀ ਧਿਰ ਦੇ ਹੰਗਾਮਾ ਦਰਮਿਆਨ ਪਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ’ਤੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ, ਜਿਸ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲੈ ਲੈਣਗੇ। ਇਹ ਤਿੰਨ ਖੇਤੀ ਬਿੱਲ ਹਨ— ਜ਼ਰੂਰੀ ਵਸਤਾਂ ਸੋਧ ਬਿੱਲ 2020, ਕਿਸਾਨੀ ਉਪਜ ਵਪਾਰ ਅਤੇ ਵਣਜ ਬਿੱਲ 2020 ਅਤੇ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਬਿੱਲ 2020। 

 


Tanu

Content Editor Tanu