ਯੂਨੀਵਰਸਿਟੀਆਂ ''ਚ ਪ੍ਰੀਖਿਆ ਨੂੰ ਲੈ ਕੇ ਸ਼ਿਵ ਸੈਨਾ ਨੇ ਰਾਜਪਾਲ ''ਤੇ ਵਿੰਨ੍ਹਿਆ ਨਿਸ਼ਾਨਾ
Monday, May 25, 2020 - 10:36 PM (IST)

ਮੁੰਬਈ - ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਨੇ ਯੂਨੀਵਰਸਿਟੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਉਣ ਦੀ ਮੰਗ 'ਤੇ ਰਾਜਪਾਲ ਬੀ. ਐਸ. ਕੋਸ਼ਯਾਰੀ 'ਤੇ ਸੋਮਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਵਿਦਿਆਰਥੀਆਂ ਦੀ ਸਿਹਤ ਨੂੰ ਖਤਰੇ ਵਿਚ ਨਹੀਂ ਪਾਇਆ ਜਾ ਸਕਦਾ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਹਮਣਾ' ਵਿਚ ਕਿਹਾ ਕਿ ਜਦ ਆਰ. ਐਸ. ਐਸ. ਸਹਿਯੋਗੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਗੁਜਰਾਤ ਅਤੇ ਗੋਆ ਵਿਚ ਪ੍ਰੀਖਿਆ ਕਰਾਉਣ ਦਾ ਵਿਰੋਧ ਕਰ ਚੁੱਕੀ ਹੈ ਤਾਂ ਫਿਰ ਕੋਸ਼ਯਾਰੀ ਦੀ ਮੰਗ ਉਨ੍ਹਾਂ ਤੋਂ ਅਲੱਗ ਕਿਉਂ ? ਕੀ ਇਸ ਲਈ ਕਿਉਂਕਿ ਮਹਾਰਾਸਟਰ ਵਿਚ ਆਰ. ਐਸ. ਐਸ. ਸਹਿਯੋਗੀ ਭਾਜਪਾ ਦੀ ਸਰਕਾਰ ਨਹੀਂ ਹੈ ? ਕੋਸ਼ਯਾਰੀ ਮਹਾਰਾਸ਼ਟਰ ਯੂਨੀਵਰਸਿਟੀ ਦੇ ਕੁਲਪਤੀ ਵੀ ਹਨ। ਉਨ੍ਹਾਂ ਨੇ ਪਿਛਲੇ ਹਫਤੇ ਮੁੱਖ ਮੰਤਰੀ ਉੱਧਵ ਠਾਕਰੇ ਨੂੰ ਚਿੱਠੀ ਲਿੱਖ ਕੇ ਵਿਦਿਆਰਥੀਆਂ ਦੇ ਹਿੱਤ ਵਿਚ ਬਿਨਾਂ ਦੇਰੀ ਕੀਤੇ ਰਾਜ ਵਿਚ ਯੂਨੀਵਰਸਿਟੀ ਦੇ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਕਰਵਾਉਣ ਨੂੰ ਕਿਹਾ ਸੀ।