ਮਹਾਰਾਸ਼ਟਰ : ਸੀ. ਐੱਮ. ਦੇ ਅਹੁਦੇ ਲਈ ਸ਼ਿਵ ਸੈਨਾ-ਭਾਜਪਾ ''ਚ ਟੈਨਸ਼ਨ

06/26/2019 1:19:10 AM

ਮੁੰਬਈ–ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸ ਦਾ ਮੁੱਖ ਮੰਤਰੀ ਹੋਵੇਗਾ, ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਲਗਾਤਾਰ ਟੈਨਸ਼ਨ ਵਧਦੀ ਜਾ ਰਹੀ ਹੈ। ਇਕ ਪਾਸੇ ਸ਼ਿਵ ਸੈਨਾ ਦਾਅਵਾ ਕਰ ਰਹੀ ਹੈ ਕਿ ਚੋਣਾਂ ਪਿੱਛੋਂ ਮੁੱਖ ਮੰਤਰੀ ਉਸ ਦਾ ਹੀ ਹੋਵੇਗਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਨਾਲ ਗਠਜੋੜ ਕਰਦੇ ਸਮੇਂ ਅਮਿਤ ਸ਼ਾਹ, ਦੇਵੇਂਦਰ ਫੜਨਵੀਸ ਅਤੇ ਊਧਵ ਠਾਕਰੇ ਦਰਮਿਆਨ ਇਸ ਗੱਲ 'ਤੇ ਸਹਿਮਤੀ ਹੋ ਚੁੱਕੀ ਹੈ ਪਰ ਭਾਜਪਾ ਨੇਤਾ ਲਗਾਤਾਰ ਇਹ ਬਿਆਨ ਦੇ ਰਹੇ ਹਨ ਕਿ ਮੁੱਖ ਮੰਤਰੀ ਤਾਂ ਭਾਜਪਾ ਦਾ ਹੀ ਬਣੇਗਾ।
ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਬੈਠਕ ਪਿੱਛੋਂ ਮੁੱਖ ਮੰਤਰੀ ਫੜਨਵੀਸ ਦੇ ਇਕ ਸਾਥੀ ਮੰਤਰੀ ਗਿਰੀਸ਼ ਮਹਾਜਨ ਵਲੋਂ ਭਾਜਪਾ ਦਾ ਮੁੱਖ ਮੰਤਰੀ ਹੋਣ ਬਾਰੇ ਦਿੱਤੇ ਗਏ ਬਿਆਨ 'ਤੇ ਊਧਵ ਠਾਕਰੇ ਨੇ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਮਹਾਜਨ ਦਾ ਨਾਂ ਲਏ ਬਿਨਾਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਅਤੇ ਹੁਣ ਕਿਸੇ ਹੋਰ ਨੂੰ ਇਸ ਵਿਚ ਆਪਣੀ ਲੱਤ ਅੜਾਉਣ ਦੀ ਕੋਈ ਲੋੜ ਨਹੀਂ।

ਸ਼ਿਰਡੀ ਵਿਚ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਲਈ ਮੁੱਖ ਮੰਤਰੀ ਦਾ ਅਹੁਦਾ ਅਹਿਮ ਨਹੀਂ। ਜਿਹੜੇ ਵਿਅਕਤੀ ਇਸ ਅਹੁਦੇ ਲਈ ਸੁਪਨੇ ਵੇਖ ਰਹੇ ਹਨ, ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ। ਕਿਸਾਨਾਂ ਦਾ ਗੁੱਸਾ ਸੱਤਾ ਨੂੰ ਸਾੜ ਕੇ ਰੱਖ ਦੇਵੇਗਾ। ਇਸ ਦੌਰਾਨ ਖਬਰ ਇਹ ਵੀ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਵਲੋਂ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਦੀ ਸ਼ਿਕਾਇਤ ਸ਼ਿਵ ਸੈਨਾ ਵਲੋਂ ਅਮਿਤ ਸ਼ਾਹ ਕੋਲ ਕੀਤੀ ਜਾਏਗੀ। ਖਬਰਾਂ ਵਿਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਸ਼ਿਵ ਸੈਨਾ ਦੀ ਲੀਡਰਸ਼ਿਪ ਇਸ ਬਾਰੇ ਅਮਿਤ ਸ਼ਾਹ ਦੇ ਨਾਲ ਹੀ ਦੇਵੇਂਦਰ ਫੜਨਵੀਸ ਨੂੰ ਚਿੱਠ ਲਿਖ ਕੇ ਸ਼ਿਵ ਸੈਨਾ-ਭਾਜਪਾ ਵਿਚ ਤਰੇੜ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰੇਗੀ।


Karan Kumar

Content Editor

Related News