ਸ਼ਿੰਦੇ ਦਾ ਊਧਵ ਸ਼ਿਵਸੈਨਾ ’ਤੇ ਨਿਸ਼ਾਨਾ, ਕਿਹਾ-ਹਿੰਦੂਤਵ ਛੱਡ ਕੇ ਨਰਕ ’ਚ ਡਿੱਗੇ
Sunday, May 18, 2025 - 12:39 AM (IST)

ਠਾਣੇ, (ਭਾਸ਼ਾ)– ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ (ਉਬਾਠਾ) ਦੇ ਸੰਸਦ ਮੈਂਬਰ ਸੰਜੇ ਰਾਊਤ ਦੀ ਲਿਖੀ ਕਿਤਾਬ ਦੀ ਘੁੰਡ-ਚੁਕਾਈ ਤੋਂ ਪਹਿਲਾਂ ਪਾਰਟੀ ’ਤੇ ਨਿਸ਼ਾਨਾ ਲਾਉਂਦੇ ਹੋਏ ਸੱਤਾ ਲਈ ਸਵ. ਬਾਲ ਠਾਕਰੇ ਦੀ ਹਿੰਦੂਤਵ ਵਿਚਾਰਧਾਰਾ ਨੂੰ ਤਿਆਗਣ ਦਾ ਦੋਸ ਲਾਇਆ ਹੈ।
ਰਾਊਤ ਦੀ ਕਿਤਾਬ ‘ਨਰਕਤਲਾ ਸਵਰਗ’ (ਨਰਕ ਵਿਚ ਸਵਰਗ) ਦਾ ਸ਼ਨੀਵਾਰ ਸ਼ਾਮ ਨੂੰ ਮੁੰਬਈ ਵਿਚ ਘੁੰਡ-ਚੁਕਾਈ ਕੀਤੀ ਜਾਵੇਗੀ। ਸ਼ਿੰਦੇ ਨੇ ਸ਼ੁੱਕਰਵਾਰ ਰਾਤ ਠਾਣੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹ ਬਾਲਾਸਾਹਿਬ ਠਾਕਰੇ ਦੇ ਆਦਰਸ਼ਾਂ ਪ੍ਰਤੀ ਵਫਾਦਾਰ ਰਹੇ ਹੁੰਦੇ ਤਾਂ ਉਹ ਨਰਕ ਵਿਚ ਨਹੀਂ ਡਿੱਗਦੇ ਅਤੇ ਅੱਜ ਅਜਿਹੀ ਸਥਿਤੀ ਵਿਚ ਨਹੀਂ ਪੁੱਜਦੇ ਜਿਥੋਂ ਉਹ ਹੁਣ ਸਵਰਗ ਦੀ ਭਾਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਲਾਸਾਹਿਬ ਠਾਕਰੇ ਹਿੰਦੂਤਵ ਦੀ ਵਿਚਾਰਧਾਰਾ ਵਿਚ ਪੂਰੀ ਤਰ੍ਹਾਂ ਨਾਲ ਸ਼ਾਮਲ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਨੇਤਾਵਾਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਬਹੁਤ ਸਨਮਾਨ ਸੀ। ਉਨ੍ਹਾਂ ਕਿਹਾ ਕਿ ਬਾਲਾਸਾਹਿਬ ਨੇ ਗੁਜਰਾਤ ਅਤੇ ਦੇਸ਼ ਲਈ ਉਨ੍ਹਾਂ ਦੀ ਵਚਨਬੱਧਤਾ ਅਤੇ ਕੰਮ ਨੂੰ ਪਛਾਣਿਆ ਸੀ। ਠਾਕਰੇ ਦੀ ਦੂਰਅੰਦੇਸ਼ੀ ਨੇ ਮੋਦੀ-ਸ਼ਾਹ ਨੂੰ ਹਿੰਦੂਤਵ ਦੇ ਸਹੀ ਮਾਰਗਦਰਸ਼ਕ ਦੇ ਰੂਪ ਵਿਚ ਪਛਾਣਿਆ।