ਸ਼ਿਮਲਾ ’ਚ ਗਿ੍ਰਫ਼ਤਾਰ ਕੀਤੇ ਗਏ ਤਿੰਨੋਂ ਕਿਸਾਨ ਜ਼ਮਾਨਤ ’ਤੇ ਰਿਹਾਅ
Wednesday, Jan 20, 2021 - 06:01 PM (IST)
ਸ਼ਿਮਲਾ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਸੇਕ ਸ਼ਿਮਲਾ ਤੱਕ ਜਾ ਪੁੱਜਾ ਹੈ। ਬੀਤੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਸ਼ਿਮਲਾ ਦੇ ਰਿਜ ਮੈਦਾਨ ’ਤੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਸਿੰਘੂ ਸਰਹੱਦ ਤੋਂ ਸ਼ਿਮਲਾ ਪੁੱਜੇ 3 ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ’ਚ ਲਿਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਕਿਸਾਨਾਂ ਨੂੰ 5-5 ਹਜ਼ਾਰ ਦੇ ਨਿੱਜੀ ਮੁਚਲਕੇ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਕਿਸਾਨਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਇਨ੍ਹਾਂ ਤਿੰਨਾਂ ਨੂੰ ਰਿਹਾਅ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ।
ਤਿੰਨੋਂ ਕਿਸਾਨ ਮੋਹਾਲੀ ਅਤੇ ਚੰਡੀਗੜ੍ਹ ਤੋਂ ਸਨ। ਇਹ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਦਾ ਸਮਰਥਨ ਲੈਣ ਲਈ ਸ਼ਿਮਲਾ ਆਏ ਸਨ। ਜਾਣਕਾਰੀ ਮੁਤਾਬਕ ਜਿਸ ਸੜਕ ’ਤੇ ਇਹ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਕਰ ਰਹੇ ਸਨ ਅਤੇ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਦੀ ਅਪੀਲ ਕਰ ਰਹੇ ਸਨ, ਉਕਤ ਸੜਕ ’ਤੇ ਬਿਨਾਂ ਇਜਾਜ਼ਤ ਪ੍ਰਦਰਸ਼ਨ ਦੀ ਮਨਾਹੀ ਸੀ। ਪੁਲਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਤਿੰਨਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਤਿੰਨਾਂ ਕਿਸਾਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਉਹ ਸਿੰਘੂ ਸਰਹੱਦ ਤੋਂ ਆਏ ਹਨ ਅਤੇ ਕਿਸਾਨ ਅੰਦੋਲਨ ਲਈ ਇੱਥੇ ਸਮਰਥਨ ਜੁਟਾ ਰਹੇ ਸਨ। ਦੱਸ ਦੇਈਏ ਕਿ ਸ਼ਿਮਲਾ ਦੇ ਰਿਜ ਮੈਦਾਨ ’ਤੇ ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਹੈ, ਜਿਸ ਦੇ ਚੱਲਦੇ ਪੁਲਸ ਨੇ ਇਹ ਕਾਰਵਾਈ ਕੀਤੀ।
ਓਧਰ ਸ਼ਿਮਲਾ ਦੇ ਐੱਸ. ਪੀ. ਮੋਹਿਤ ਚਾਵਲਾ ਨੇ ਵੀ ਸਾਫ਼ ਕੀਤਾ ਕਿ ਸੂਬੇ ਦੇ ਬਾਹਰ ਤੋਂ ਕੁਝ ਲੋਕ ਪਾਬੰਦੀ ਖੇਤਰ ਵਿਚ ਪ੍ਰਚਾਰ ਕਰ ਰਹੇ ਸਨ। ਇਸ ਸਬੰਧ ’ਚ ਉਨ੍ਹਾਂ ਨੇ ਕੋਈ ਆਗਿਆ ਵੀ ਨਹੀਂ ਲਈ ਸੀ, ਜਿਸ ਕਰਾਨ ਪੁਲਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।