ਸ਼ੈਲਟਰ ਹੋਮ ਕੇਸ: SC ਦੀ ਬਿਹਾਰ ਸਰਕਾਰ ਨੂੰ ਫਟਕਾਰ, ਬੱਚਿਆਂ ਨੂੰ ਬਖਸ਼ੋ

Thursday, Feb 07, 2019 - 01:10 PM (IST)

ਸ਼ੈਲਟਰ ਹੋਮ ਕੇਸ: SC ਦੀ ਬਿਹਾਰ ਸਰਕਾਰ ਨੂੰ ਫਟਕਾਰ, ਬੱਚਿਆਂ ਨੂੰ ਬਖਸ਼ੋ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁਜ਼ੱਫਰਪੁਰ ਸ਼ੈਲਟਰ ਹੋਮ ਯੌਨ ਉਤਪੀੜਨ ਮਾਮਲਾ ਬਿਹਾਰ ਤੋਂ ਨਵੀਂ ਦਿੱਲੀ ਦੀ ਅਦਾਲਤ 'ਚ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ਅਤੇ ਸ਼ੈਲਟਰ ਹੋਮ ਦੇ ਪ੍ਰਬੰਧਨ ਲਈ ਰਾਜ ਸਰਕਾਰ ਦੀ ਆਲੋਚਨਾ ਕੀਤੀ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਨੂੰ 2 ਹਫਤਿਆਂ ਦੇ ਅੰਦਰ ਬਿਹਾਰ ਦੀ ਸੀ.ਬੀ.ਆਈ. ਅਦਾਲਤ ਤੋਂ ਪੋਕਸੋ ਸਾਕੇਤ ਹੇਠਲੀ ਅਦਾਲਤ 'ਚ ਰੈਫਰ ਕੀਤਾ ਜਾਵੇ। ਇਕ ਨਿਊਜ਼ ਏਜੰਸੀ ਅਨੁਸਾਰ ਉਸ ਨੇ ਸਾਕੇਤ ਦੀ ਹੇਠਲੀ ਅਦਾਲਤ ਨੂੰ 6 ਮਹੀਨੇ ਦੇ ਅੰਦਰ ਮਾਮਲੇ 'ਤੇ ਸੁਣਵਾਈ ਪੂਰੀ ਕਰਨ ਦਾ ਆਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਯੌਨ ਉਤਪੀੜਨ ਮਾਮਲੇ ਦੀ ਜਾਂਚ ਕਰ ਰਹੇ ਆਪਣੇ ਅਧਿਕਾਰੀ ਦਾ ਤਬਾਦਲਾ ਕਰਨ ਲਈ ਵੀ ਸੀ.ਬੀ.ਆਈ. ਨੂੰ ਫਟਕਾਰ ਲਾਈ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਆਦੇਸ਼ ਦੀ ਉਲੰਘਣਾ ਹੈ। ਬੈਂਚ ਨੇ ਜਾਂਚ ਏਜੰਸੀ ਨੂੰ ਸਪੱਸ਼ਟੀਕਰਨ ਦਿੰਦੇ ਹੋਏ ਇਕ ਹਲਫਨਾਮਾ ਦਾਇਰ ਕਰਨ ਲਈ ਕਿਹਾ।

ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਕਿਹਾ,''ਬੱਸ ਬਹੁਤ ਹੋ ਗਿਆ, ਬੱਚਿਆਂ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਜਾ ਸਕਦਾ। ਤੁਸੀਂ ਆਪਣੇ ਅਧਿਕਾਰੀਆਂ ਨੂੰ ਬੱਚਿਆਂ ਨਾਲ ਇਸ ਤਰੀਕੇ ਦਾ ਵਤੀਰਾ ਨਹੀਂ ਕਰਨ ਦੇ ਸਕਦੇ। ਬੱਚਿਆਂ ਨੂੰ ਬਖਸ਼ੋ। ਬੈਂਚ ਨੇ ਕਿਹਾ ਕਿ ਜੇਕਰ ਰਾਜ ਸਾਰੀ ਜਾਣਕਾਰੀ ਦੇਣ 'ਚ ਅਸਫ਼ਲ ਰਿਹਾ ਤਾਂ ਉਹ ਮੁੱਖ ਸਕੱਤਰ ਨੂੰ ਸੰਮੰਨ ਕਰੇਗਾ। ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ 'ਚ ਇਕ ਐੱਨ.ਜੀ.ਓ. ਵਲੋਂ ਚਲਾਏ ਜਾ ਰਹੇ ਸ਼ੈਲਟਰ ਹੋਮ 'ਚ ਕਈ ਲੜਕੀਆਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਅਤੇ ਯੌਨ ਉਤਪੀੜਨ ਕੀਤਾ ਗਿਆ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ਼ ਦੀ ਇਕ ਰਿਪੋਰਟ ਤੋਂ ਇਹ ਮਾਮਲਾ ਸਾਲ ਮਈ 'ਚ ਸਾਹਮਣੇ ਆਇਆ।


author

DIsha

Content Editor

Related News