''ਮੇਰੀ ਦਿੱਲੀ-ਮੈਂ ਹੀ ਸੰਵਾਰੂੰ.. ਇਸ ਨਾਅਰੇ ਨਾਲ ਬਣੀ ਸ਼ੀਲਾ ਦੀ ਪਛਾਣ

07/21/2019 12:01:17 PM

ਨਵੀਂ ਦਿੱਲੀ (ਅਸ਼ੋਕ ਸ਼ਰਮਾ)–ਸ਼ੀਲਾ ਦੀਕਸ਼ਤ ਅਜਿਹੀ ਕੱਦਾਵਰ ਆਗੂ ਸੀ ਜਿਸ ਨੇ ਆਪਣੇ ਕਾਰਜਕਾਲ ਵਿਚ ਨਾ ਸਿਰਫ ਲਗਾਤਾਰ ਕਾਮਯਾਬੀ ਹਾਸਲ ਕੀਤੀ, ਸਗੋਂ ਦਿੱਲੀ ਨੂੰ ਸੰਵਾਰਨ ਅਤੇ ਸੁਧਾਰਨ ਲਈ ਇਕ ਦੇ ਬਾਅਦ ਇਕ ਫੈਸਲੇ ਲੈ ਕੇ ਦਿੱਲੀ ਨੂੰ ਨਵੀਂ ਦਿਸ਼ਾ ਦਿੱਤੀ। ਹਾਲਾਂਕਿ ਜਦੋਂ ਦਿੱਲੀ ਵਿਚ ਕਾਮਨਵੈਲਥ ਖੇਡਾਂ ਦੇ ਆਯੋਜਨ ਦੀ ਤਿਆਰੀ ਚੱਲ ਰਹੀ ਸੀ ਤਾਂ ਦਿੱਲੀ ਨੂੰ ਹਰਿਆ-ਭਰਿਆ ਬਣਾਉਣ ਵਿਚ ਉਨ੍ਹਾਂ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਗੇਮਜ਼ ਦੇ ਸਮੇਂ 'ਤੇ ਆਯੋਜਨ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਾਲ 1997 ਵਿਚ ਜਦੋਂ ਉਹ ਪਹਿਲੀ ਵਾਰ ਦਿੱਲੀ ਦੀ ਮੁੱਖ ਮੰਤਰੀ ਬਣੀ ਸੀ ਤਾਂ ਉਸ ਦੌਰਾਨ ਕਈ ਮੌਕਿਆਂ 'ਤੇ ਟਕਰਾਅ ਦੀ ਸਥਿਤੀ ਪੈਦਾ ਹੁੰਦੇ ਹੀ ਉਨ੍ਹਾਂ ਆਪਣੀ ਸਿਆਣਪ ਨਾਲ ਉਸਨੂੰ ਪਹਿਲਾਂ ਹੀ ਖਤਮ ਕਰ ਦਿੱਤਾ। ਦਿੱਲੀ ਦੇ ਸਿਆਸੀ ਗਲਿਆਰਿਆਂ ਵਿਚ ਸ਼ੀਲਾ ਨੇ ਨਿਮਰਤਾ, ਮਿਲਾਪੜੇ ਸੁਭਾਅ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਦੇ ਅੰਦਾਜ਼ ਨਾਲ ਪਾਰਟੀ ਦੇ ਆਗੂਆਂ ਦੇ ਮਨ ਵਿਚ ਥਾਂ ਬਣਾ ਲਈ ਸੀ, ਸਗੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਦਿੱਤਾ ਸੀ। ਇਸੇ ਕਾਰਨ ਉਹ ਸਭ ਨੂੰ ਸੁਣਨ ਵਾਲੀ ਨੇਤਾ ਵਜੋਂ ਪਛਾਣੀ ਜਾਣ ਲੱਗੀ ਸੀ।

15 ਸਾਲ ਦੇ ਸਫਰ ਵਿਚ ਕੀਤਾ ਵਿਕਾਸ—
ਦਿੱਲੀ ਵਿਚ ਫਲਾਈਓਵਰਾਂ ਲਈ ਸ਼ੀਲਾ ਦੀਕਸ਼ਤ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਦਿੱਲੀ ਵਿਚ ਫਲਾਈਓਵਰ ਅਤੇ ਸੜਕਾਂ ਦਾ ਜਾਲ ਵਿਛਿਆ ਅਤੇ ਮੈਟਰੋ ਟਰੇਨ ਦਾ ਵੀ ਖੂਬ ਵਿਸਥਾਰ ਹੋਇਆ। ਸੀ. ਐੱਨ. ਜੀ. ਟਰਾਂਸਪੋਰਟ ਸੇਵਾ ਲਾਗੂ ਕਰ ਕੇ ਸ਼ੀਲਾ ਨੇ ਦੇਸ਼-ਵਿਦੇਸ਼ ਵਿਚ ਵਾਹ-ਵਾਹ ਹਾਸਲ ਕੀਤੀ। ਇਕ ਸਮੇਂ ਦਿੱਲੀ ਦੀ ਸਿਆਸਤ ਵਿਚ ਖਾਸ ਮੁਕਾਮ ਵਾਲੀ ਮੰਨੀ ਜਾਣ ਵਾਲੀ ਸ਼ੀਲਾ ਦੇ ਅਕਸ ਨੂੰ 2010 ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਧੱਕਾ ਲੱਗਾ। ਅੰਨਾ ਅੰਦੋਲਨ ਰਾਹੀਂ ਸਿਆਸੀ ਪਾਰਟੀ ਖੜ੍ਹੀ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਕੁਝ ਦੋਸ਼ਾਂ ਦਾ ਸਹਾਰਾ ਲੈਂਦਿਆਂ ਸ਼ੀਲਾ ਨੂੰ ਸਿੱਧੀ ਚੁਣੌਤੀ ਦਿੱਤੀ। ਇਸ ਤਰ੍ਹਾਂ 2013 ਵਿਚ ਨਾ ਸਿਰਫ ਸ਼ੀਲਾ ਦੀ ਸੱਤਾ ਚਲੀ ਗਈ, ਸਗੋਂ ਉਹ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿਚ ਕੇਜਰੀਵਾਲ ਤੋਂ ਚੋਣ ਹਾਰ ਗਈ। ਇਹ ਚੋਣ ਹਾਰਨ ਦੇ ਬਾਅਦ ਵੀ ਕਾਂਗਰਸ ਅਤੇ ਦੇਸ਼ ਦੀ ਸਿਆਸਤ ਵਿਚ ਉਨ੍ਹਾਂ ਦੀ ਹੈਸੀਅਤ ਇਕ ਕੱਦਾਵਰ ਆਗੂ ਵਜੋਂ ਬਣੀ ਰਹੀ। 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਚਿਹਰਾ ਐਲਾਨਿਆ, ਹਾਲਾਂਕਿ ਬਾਅਦ ਵਿਚ ਪਾਰਟੀ ਨੇ ਸਪਾ ਨਾਲ ਗੱਠਜੋੜ ਕਰ ਲਿਆ। ਸ਼ੀਲਾ ਦੀਕਸ਼ਤ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ। 15 ਸਾਲਾਂ ਦੇ ਸਫਰ ਵਿਚ ਉਨ੍ਹਾਂ ਨੇ ਦਿੱਲੀ ਨੂੰ ਚਮਕਾਇਆ।

ਮਹੱਤਵਪੂਰਨ ਕਾਰਜ—
* ਸ਼ੀਲਾ ਦੀਕਸ਼ਤ ਦੇ ਕਾਰਜਕਾਲ ਵਿਚ ਹੀ ਦਿੱਲੀ ਦੀ ਲਾਈਫ ਲਾਈਨ ਮੈਟਰੋ ਦੀ ਸ਼ੁਰੂਆਤ ਹੋਈ।
* ਉਨ੍ਹਾਂ ਦੇ ਕਾਰਜਕਾਲ ਵਿਚ ਹੀ ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਵਿਚ ਸੀ. ਐੱਨ. ਜੀ. ਈਂਧਨ ਦੀ ਸ਼ੁਰੂਆਤ ਹੋਈ।
* ਉਨ੍ਹਾਂ ਦੇ ਕਾਰਜਕਾਲ ਵਿਚ ਹੀ ਪਹਿਲੀ ਵਾਰ ਨਾਜਾਇਜ਼ ਕਾਲੋਨੀਆਂ ਵਿਚ ਵੀ ਵਿਕਾਸ ਕਾਰਜ ਸ਼ੁਰੂ ਹੋਏ।
* ਗ੍ਰੀਨ ਦਿੱਲੀ ਦੇ ਤਹਿਤ ਸ਼ੀਲਾ ਸਰਕਾਰ ਨੇ ਵਾਤਾਵਰਣਿਕ ਪ੍ਰਦੂਸ਼ਣ ਘਟਾਉਣ ਦੀ ਪਹਿਲ ਕੀਤੀ।
* ਸੜਕਾਂ ਦੇ ਦੋਵੇਂ ਪਾਸੇ ਲੱਖਾਂ ਪੌਦੇ ਲਗਾਏ ਗਏ।

ਸਿਆਸੀ ਸਫਰ
1984 ਤੋਂ 1989 ਤਕ ਉੱਤਰ ਪ੍ਰਦੇਸ਼ ਦੇ ਕਨੌਜ ਤੋਂ ਸੰਸਦ ਮੈਂਬਰ ਅਤੇ ਰਾਜੀਵ ਗਾਂਧੀ ਦੀ ਸਰਕਾਰ ਵਿਚ ਮੰਤਰੀ ਰਹੀ।
1990 ਦੇ ਦਹਾਕੇ ਵਿਚ ਘਾਗ ਆਗੂਆਂ ਐੱਚ. ਕੇ. ਐੱਲ. ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਦਰਮਿਆਨ ਵੱਖਰੀ ਪਛਾਣ ਬਣਾਈ।
1997 ਵਿਚ ਦਿੱਲੀ ਦੀ ਪਹਿਲੀ ਵਾਰ ਮੁੱਖ ਮੰਤਰੀ ਬਣੀ। ਗਾਂਧੀ ਪਰਿਵਾਰ ਦੀ ਖਾਸ ਮੰਨੀ ਜਾਣ ਲੱਗੀ।
2003 ਅਤੇ 2008 ਵਿਚ ਵੀ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਦੀ ਦਿੱਲੀ ਵਿਚ ਫਿਰ ਸਰਕਾਰ ਬਣੀ।


Tanu

Content Editor

Related News