ਹੱਦ ਹੈ! ਅਮਰੀਕਾ ਬੈਠੀ ਲੈਂਦੀ ਰਹੀ ਭਾਰਤ ਦੇ ਸਰਕਾਰੀ ਸਕੂਲ ਤੋਂ ਤਨਖਾਹ, ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ
Saturday, Aug 10, 2024 - 05:51 PM (IST)
ਬਨਾਸਕਾਂਠਾ- ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਅੰਬਾਜੀ ਨੇੜੇ ਸਥਿਤ ਇਕ ਸਰਕਾਰੀ ਸਕੂਲ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੰਚਾ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਭਾਵਨਾ ਪਟੇਲ, ਜੋ ਪਿਛਲੇ 8 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਹੈ, ਦਾ ਨਾਂ ਅਜੇ ਵੀ ਸਕੂਲ ਦੀ ਅਧਿਆਪਕ ਸੂਚੀ 'ਚ ਦਰਜ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਵਨਾ ਪਟੇਲ ਅਮਰੀਕਾ 'ਚ ਗ੍ਰੀਨ ਕਾਰਡ ਹੋਲਡਰ ਹੈ ਅਤੇ ਸਾਲ 'ਚ ਸਿਰਫ਼ ਇਕ ਮਹੀਨੇ ਲਈ ਭਾਰਤ ਆਉਂਦੀ ਹੈ ਪਰ ਉਸ ਦੀ ਤਨਖਾਹ ਲਗਾਤਾਰ ਜਾਰੀ ਹੈ। ਇਸ ਮਾਮਲੇ ਦਾ ਖੁਲਾਸਾ ਹੁੰਦੇ ਹੀ ਸਥਾਨਕ ਅਧਿਕਾਰੀਆਂ ਨੂੰ ਭਾਜੜ ਪੈ ਗਈ। ਜਾਂਚ 'ਚ ਸਾਹਮਣੇ ਆਇਆ ਕਿ ਭਾਵਨਾ ਪਟੇਲ ਦੀਵਾਲੀ ਦੇ ਸਮੇਂ ਹੀ ਸਕੂਲ ਆਉਂਦੀ ਹੈ ਅਤੇ ਬਾਕੀ ਸਮਾਂ ਅਮਰੀਕਾ 'ਚ ਰਹਿੰਦੀ ਹੈ। ਇਸ ਦੌਰਾਨ ਸਕੂਲ ਤੋਂ ਗੈਰ-ਹਾਜ਼ਰ ਹੋਣ ਦੇ ਬਾਵਜੂਦ ਉਸ ਦੀ ਤਨਖਾਹ ਜਾਰੀ ਹੈ, ਜੋ ਕਿ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਸਕੂਲ ਅਤੇ ਸਥਾਨਕ ਪ੍ਰਸ਼ਾਸਨ 'ਚ ਵਧੀ ਚਿੰਤਾ
ਅੰਬਾਜੀ ਮੰਦਰ ਦੇ ਨੇੜੇ ਸਥਿਤ ਪੰਚਾ ਪ੍ਰਾਇਮਰੀ ਸਕੂਲ 'ਚ ਭਾਵਨਾ ਪਟੇਲ ਬਾਰੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ 2 ਸਾਲ ਪਹਿਲਾਂ ਸਕੂਲ ਆਈ ਸੀ ਪਰ ਉਸ ਦੇ ਬਾਅਦ ਉਸ ਨੇ ਸਕੂਲ ਵੱਲ ਮੂੰਹ ਨਹੀਂ ਕੀਤਾ। ਸਕੂਲ ਦੀ ਇੰਚਾਰਜ ਅਧਿਆਪਕਾ ਪਾਰੁਲਬੇਨ ਨੇ ਦੱਸਿਆ ਕਿ ਭਾਵਨਾ ਪਟੇਲ ਦੀ ਗੈਰ-ਮੌਜੂਦਗੀ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਬੱਚਿਆਂ ਨੇ ਵੀ ਉਸ ਨੂੰ 2 ਸਾਲਾਂ ਤੋਂ ਨਹੀਂ ਦੇਖਿਆ ਹੈ, ਜਦੋਂ ਕਿ ਉਸ ਦਾ ਨਾਂ ਅਜੇ ਵੀ ਸਕੂਲ ਬੋਰਡ 'ਤੇ ਦਰਜ ਹੈ।
ਗੁਜਰਾਤ ਦੀ ਸਿੱਖਿਆ ਪ੍ਰਣਾਲੀ ਦੀ ਕਾਰਜਪ੍ਰਣਾਲੀ 'ਤੇ ਉੱਠੇ ਗੰਭੀਰ ਸਵਾਲ
ਹੁਣ ਸਵਾਲ ਉੱਠ ਰਹੇ ਹਨ ਕਿ ਭਾਵਨਾ ਪਟੇਲ ਦੀ ਨੌਕਰੀ ਕਿਵੇਂ ਜਾਰੀ ਰਹੀ, ਕੀ ਕਦੇ ਸਕੂਲ ਦਾ ਨਿਰੀਖਣ ਨਹੀਂ ਹੋਇਆ ਅਤੇ ਇਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਰਾਜ ਸਰਕਾਰ ਦੇ ਸਿੱਖਿਆ ਵਿਭਾਗ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹ ਸਥਿਤੀ ਗੁਜਰਾਤ ਦੀ ਸਿੱਖਿਆ ਪ੍ਰਣਾਲੀ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਸਿੱਖਿਆ ਵਿਭਾਗ ਦੇ ਸਿਸਟਮ ਨੂੰ ਚੁਣੌਤੀ ਦਿੱਤੀ
ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸ ਮਾਮਲੇ ਨੇ ਨਾ ਸਿਰਫ਼ ਸਿੱਖਿਆ ਵਿਭਾਗ ਦੀ ਪ੍ਰਣਾਲੀ ਨੂੰ ਚੁਣੌਤੀ ਦਿੱਤੀ ਹੈ ਸਗੋਂ ਸਰਕਾਰੀ ਸਕੂਲਾਂ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ। ਫਿਲਹਾਲ ਸਿੱਖਿਆ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਰਕਾਰੀ ਸਕੂਲਾਂ 'ਚ ਅਜਿਹੇ ਮਾਮਲੇ ਮੁੜ ਨਾ ਵਾਪਰਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e