ਪਾਰਟੀ ਲਾਈਨ ਦੀ ਕਦੇ ਉਲੰਘਣਾ ਨਹੀਂ ਕੀਤੀ, ਆਪਰੇਸ਼ਨ ਸਿੰਦੂਰ ''ਤੇ ਆਪਣੇ ਰੁਖ ਦਾ ਖੇਦ ਨਹੀਂ : ਸ਼ਸ਼ੀ ਥਰੂਰ
Saturday, Jan 24, 2026 - 03:29 PM (IST)
ਤਿਰੂਵਨੰਤਪੁਰਮ- ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਸੰਸਦ 'ਚ ਕਦੇ ਵੀ ਆਪਣੀ ਪਾਰਟੀ ਦੇ ਅਧਿਕਾਰਤ ਪੈਂਤੜੇ ਦੀ ਉਲੰਘਣਾ ਨਹੀਂ ਕੀਤੀ ਹੈ। ਕੇਰਲ ਸਾਹਿਤ ਉਤਸਵ ਦੇ ਇਕ ਸੈਸ਼ਨ ਦੌਰਾਨ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ ਕਿ ਸਿਧਾਂਤਕ ਤੌਰ 'ਤੇ ਉਨ੍ਹਾਂ ਦੀ ਇਕੋ-ਇਕ ਜਨਤਕ ਅਸਹਿਮਤੀ 'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਸੀ, ਜਿਸ ਬਾਰੇ ਉਨ੍ਹਾਂ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।
ਪਾਰਟੀ 'ਚ ਨਜ਼ਰਅੰਦਾਜ਼ ਕੀਤੇ ਜਾਣ ਦੀਆਂ ਅਟਕਲਾਂ 'ਤੇ ਜਵਾਬ
ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਥਰੂਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਨ। ਖਾਸ ਕਰਕੇ ਕੋਚੀ 'ਚ ਇੱਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਵੱਲੋਂ ਮੰਚ 'ਤੇ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਦਾ ਨਾਂ ਨਾ ਲਏ ਜਾਣ ਅਤੇ ਸੂਬਾਈ ਨੇਤਾਵਾਂ ਵੱਲੋਂ ਉਨ੍ਹਾਂ ਨੂੰ 'ਦਰਕਿਨਾਰ' ਕਰਨ ਦੀਆਂ ਕੋਸ਼ਿਸ਼ਾਂ ਦੀਆਂ ਚਰਚਾਵਾਂ ਗਰਮ ਸਨ। ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਥਰੂਰ ਨੇ ਕਿਹਾ ਕਿ ਇਕ ਲੇਖਕ ਅਤੇ ਨਿਗਰਾਨ ਵਜੋਂ ਉਨ੍ਹਾਂ ਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਇਕ ਅਖ਼ਬਾਰ 'ਚ ਲੇਖ 'ਚ ਲਿਖਿਆ ਸੀ ਕਿ ਅਜਿਹੀਆਂ ਘਟਨਾਵਾਂ ਲਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਭਾਰਤ-ਪਾਕਿਸਤਾਨ ਸਬੰਧਾਂ ਅਤੇ ਰਾਸ਼ਟਰੀ ਸੁਰੱਖਿਆ 'ਤੇ ਵਿਚਾਰ
ਥਰੂਰ ਨੇ ਕਿਹਾ ਕਿ ਭਾਰਤ ਦਾ ਮੁੱਖ ਟੀਚਾ ਵਿਕਾਸ ਹੋਣਾ ਚਾਹੀਦਾ ਹੈ ਅਤੇ ਦੇਸ਼ ਨੂੰ ਪਾਕਿਸਤਾਨ ਨਾਲ ਲੰਬੇ ਟਕਰਾਅ 'ਚ ਨਹੀਂ ਉਲਝਣਾ ਚਾਹੀਦਾ। ਉਨ੍ਹਾਂ ਅਨੁਸਾਰ, ਕੋਈ ਵੀ ਸੈਨਿਕ ਕਾਰਵਾਈ ਸਿਰਫ਼ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਤੱਕ ਹੀ ਸੀਮਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਭਾਰਤ ਸਰਕਾਰ ਨੇ ਬਿਲਕੁਲ ਉਹੀ ਕੀਤਾ ਜੋ ਉਨ੍ਹਾਂ ਨੇ ਸੁਝਾਇਆ ਸੀ।
"ਭਾਰਤ ਪਹਿਲਾਂ" ਦਾ ਨਾਅਰਾ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸ਼ਬਦਾਂ, "ਜੇ ਭਾਰਤ ਖਤਮ ਹੋ ਜਾਵੇਗਾ ਤਾਂ ਕੌਣ ਜਿਉਂਦਾ ਰਹੇਗਾ?" ਦਾ ਹਵਾਲਾ ਦਿੰਦੇ ਹੋਏ ਥਰੂਰ ਨੇ ਕਿਹਾ ਕਿ ਜਦੋਂ ਦੇਸ਼ ਦੀ ਸੁਰੱਖਿਆ ਅਤੇ ਵਿਸ਼ਵ 'ਚ ਭਾਰਤ ਦੇ ਸਥਾਨ ਦੀ ਗੱਲ ਆਉਂਦੀ ਹੈ, ਤਾਂ ਭਾਰਤ ਸਭ ਤੋਂ ਪਹਿਲਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਭਾਰਤ ਦੇ ਨਿਰਮਾਣ ਲਈ ਸਿਆਸੀ ਪਾਰਟੀਆਂ 'ਚ ਮਤਭੇਦ ਹੋ ਸਕਦੇ ਹਨ, ਪਰ ਰਾਸ਼ਟਰੀ ਹਿੱਤਾਂ ਦੇ ਮਾਮਲੇ 'ਚ ਸਾਰਿਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
