ਵਾਹ! ਜਿੱਥੇ ਸੀ ਕਦੇ ਚਪੜਾਸੀ, ਅੱਜ ਉਸੇ ਦਫ਼ਤਰ ''ਚ ਲੱਗਾ ਅਫ਼ਸਰ
Friday, Dec 06, 2024 - 05:39 PM (IST)
ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) 'ਚ ਬੀ. ਟੈੱਕ ਕਰ ਕੇ ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਦਫ਼ਤਰ ਵਿਚ ਚਪੜਾਸੀ ਦੇ ਅਹੁਦੇ 'ਤੇ ਵਰਕਰ ਸ਼ੈਲੇਂਦਰ ਕੁਮਾਰ ਬਾਂਧੇ ਨੇ ਸਖ਼ਤ ਮਿਹਨਤ ਨਾਲ ਸੂਬਾ ਲੋਕ ਸੇਵਾ ਪ੍ਰੀਖਿਆ ਪਾਸ ਕਰ ਕੇ ਅਫ਼ਸਰ ਬਣਨ ਦਾ ਸੁਫ਼ਨਾ ਪੂਰਾ ਕਰਨ ਲਿਆ ਹੈ। ਬਾਂਧੇ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ, ਜੋ ਇਸ ਪ੍ਰੀਖਿਆ ਦੀ ਤਿਆਰੀ ਵਿਚ ਲੱਗੇ ਹੋਏ ਹਨ।
ਰਾਖਵੀਂ ਸ਼੍ਰੇਣੀ 'ਚ ਮਿਲਿਆ ਦੂਜਾ ਰੈਂਕ
ਬਾਂਧੇ ਨੇ ਆਪਣੀ 5ਵੀਂ ਕੋਸ਼ਿਸ਼ ਵਿਚ CGPSC-2023 ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਸ ਦੇ ਨਤੀਜੇ ਪਿਛਲੇ ਹਫ਼ਤੇ ਐਲਾਨੇ ਗਏ ਸਨ। ਉਨ੍ਹਾਂ ਨੂੰ ਆਮ ਸ਼੍ਰੇਣੀ ਵਿਚ 73ਵੀਂ ਰੈਂਕ ਅਤੇ ਰਾਖਵੀਂ ਸ਼੍ਰੇਣੀ ਵਿਚ ਦੂਜਾ ਰੈਂਕ ਮਿਲਿਆ ਹੈ। ਬਾਂਧੇ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦੀ ਮਦਦ ਦੇ ਬਿਨਾਂ ਅਜਿਹਾ ਨਹੀਂ ਕਰ ਪਾਉਂਦਾ, ਜਿਨ੍ਹਾਂ ਨੇ ਹਰ ਫ਼ੈਸਲੇ ਵਿਚ ਉਸ ਦਾ ਸਾਥ ਦਿੱਤਾ
CGPSC ਦਫ਼ਤਰ 'ਚ ਚਪੜਾਸੀ ਦੇ ਅਹੁਦੇ 'ਤੇ ਸੀ ਨਿਯੁਕਤ
ਬਾਂਧੇ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਮਈ ਵਿਚ ਮੈਂ CGPSC ਦਫ਼ਤਰ ਵਿਚ ਚਪੜਾਸੀ ਦੇ ਅਹੁਦੇ 'ਤੇ ਨਿਯੁਕਤ ਹੋਇਆ ਸੀ। ਫਿਰ ਮੈਂ ਫਰਵਰੀ ਵਿਚ ਆਯੋਜਿਤ CGPSC-2023 ਸ਼ੁਰੂਆਤੀ ਪ੍ਰੀਖਿਆ ਪਾਸ ਕਰ ਲਈ। ਇਸ ਤੋਂ ਬਾਅਦ ਮੈਂ ਮੁੱਖ ਪ੍ਰੀਖਿਆ ਦੀ ਤਿਆਰੀ ਜਾਰੀ ਰੱਖੀ ਕਿਉਂਕਿ ਮੈਂ ਅਧਿਕਾਰੀ ਬਣਨਾ ਚਾਹੁੰਦਾ ਸੀ।
ਮਕੈਨੀਕਲ ਇੰਜੀਨੀਅਰਿੰਗ 'ਚ ਕੀਤੀ B.Tech ਦੀ ਪੜ੍ਹਾਈ
ਬਾਂਧੇ ਨੇ ਦੱਸਿਆ ਕਿ ਉਨ੍ਹਾਂ ਨੇ ਰਾਏਪੁਰ 'ਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) ਰਾਏਪੁਰ ਵਿਚ ਮਕੈਨੀਕਲ ਇੰਜੀਨੀਅਰਿੰਗ ਵਿਚ B.Tech ਦੀ ਪੜ੍ਹਾਈ ਕੀਤੀ। ਕਿਸੇ ਨਾਮੀ ਸੰਸਥਾ ਤੋਂ ਇੰਜੀਨੀਅਰਿੰਗ ਪੂਰੀ ਕਰਨ ਤੋਂ ਬਾਅਦ ਉਸਨੂੰ ਪ੍ਰਮੁੱਖ ਪ੍ਰਾਈਵੇਟ ਫਰਮਾਂ ਵਿਚ ਨੌਕਰੀ ਮਿਲ ਸਕਦੀ ਸੀ ਪਰ ਉਸਨੇ 'ਪਲੇਸਮੈਂਟ ਇੰਟਰਵਿਊ' ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ, ਕਿਉਂਕਿ ਉਹ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਸੀ। ਬਾਂਧੇ ਨੇ ਕਿਹਾ ਕਿ ਉਸ ਨੂੰ NIT ਰਾਏਪੁਰ, ਹਿਮਾਚਲ ਸਾਹੂ ਵਿਖੇ ਆਪਣੇ ਇਕ ਸੁਪਰ ਸੀਨੀਅਰ ਤੋਂ ਪ੍ਰੇਰਨਾ ਮਿਲੀ, ਜਿਸ ਨੇ CGPSC-2015 ਦੀ ਪ੍ਰੀਖਿਆ ਵਿਚ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ।
5ਵੀਂ ਕੋਸ਼ਿਸ਼ 'ਚ ਮਿਲੀ ਸਫਲਤਾ
ਬਾਂਧੇ ਨੇ ਕਿਹਾ ਕਿ ਮੈਂ ਪਹਿਲੀ ਕੋਸ਼ਿਸ਼ ਵਿਚ ਮੁਢਲੀ ਪ੍ਰੀਖਿਆ 'ਚ ਫੇਲ ਹੋ ਗਿਆ ਸੀ ਅਤੇ ਅਗਲੀ ਕੋਸ਼ਿਸ਼ 'ਚ ਮੁੱਖ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਤੀਜੀ ਅਤੇ ਚੌਥੀ ਕੋਸ਼ਿਸ਼ ਵਿਚ ਮੈਂ ਇੰਟਰਵਿਊ ਲਈ ਕੁਆਲੀਫਾਈ ਕੀਤਾ ਪਰ ਸਫਲ ਨਹੀਂ ਹੋ ਸਕਿਆ। ਮੈਨੂੰ 5ਵੀਂ ਕੋਸ਼ਿਸ਼ ਵਿੱਚ ਸਫਲਤਾ ਮਿਲੀ। ਬਾਂਧੇ ਨੇ ਕਿਹਾ ਕਿ ਇਕ ਸਾਲ ਬਾਅਦ CGPSC ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਮੈਨੂੰ ਚਪੜਾਸੀ ਦੀ ਨੌਕਰੀ ਚੁਣਨੀ ਪਈ ਕਿਉਂਕਿ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਲੋੜ ਸੀ ਪਰ ਇਸ ਦੇ ਨਾਲ ਹੀ ਮੈਂ ਸਟੇਟ ਸਿਵਲ ਸਰਵਿਸਿਜ਼ ਇਮਤਿਹਾਨ ਦੀ ਤਿਆਰੀ ਵੀ ਜਾਰੀ ਰੱਖੀ।
ਚਪੜਾਸੀ ਦੀ ਨੌਕਰੀ ਕਰਨ 'ਤੇ ਲੋਕ ਉਡਾਉਂਦੇ ਸਨ ਮਜ਼ਾਕ
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਚਪੜਾਸੀ ਵਜੋਂ ਕੰਮ ਕਰਨ ਵਿਚ ਅਸਹਿਜ ਮਹਿਸੂਸ ਕਰਦੇ ਸਨ, ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਨੌਕਰੀ ਵੱਡੀ ਜਾਂ ਛੋਟੀ ਨਹੀਂ ਹੁੰਦੀ, ਕਿਉਂਕਿ ਹਰ ਅਹੁਦੇ ਦੀ ਆਪਣੀ ਸ਼ਾਨ ਹੁੰਦੀ ਹੈ। ਚਪੜਾਸੀ ਹੋਵੇ ਜਾਂ ਡਿਪਟੀ ਕਲੈਕਟਰ, ਹਰ ਕੰਮ ਵਿੱਚ ਇਮਾਨਦਾਰੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਹੈ। ਕੁਝ ਲੋਕ ਮੈਨੂੰ ਚਪੜਾਸੀ ਵਜੋਂ ਕੰਮ ਕਰਨ ਲਈ ਤਾਅਨੇ ਮਾਰਦੇ ਸਨ ਅਤੇ ਮੇਰਾ ਮਜ਼ਾਕ ਉਡਾਉਂਦੇ ਸਨ ਪਰ ਮੈਂ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਮੇਰੇ ਮਾਤਾ-ਪਿਤਾ, ਪਰਿਵਾਰ ਅਤੇ ਦਫਤਰ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਅਤੇ ਮੈਨੂੰ ਉਤਸ਼ਾਹਿਤ ਕੀਤਾ।